Skip to content

ਸੋਨੀਆ ਗਾਂਧੀ ਕਾਂਗਰਸ ਦੀ ਅੰਤਰਿਮ ਪ੍ਰਧਾਨ

Share this story

ਨਵੀਂ ਦਿੱਲੀ – ਕਾਂਗਰਸ ਵਰਕਿੰਗ ਕਮੇਟੀ ਦੀ ਢਾਈ ਘੰਟੇ ਚੱਲੀ ਮੀਟਿੰਗ ਵਿੱਚ ਸੋਨੀਆ ਗਾਂਧੀ ਨੂੰ ਪਾਰਟੀ ਦੀ ਅੰਤਰਿਮ ਪ੍ਰਧਾਨ ਬਣਾ ਦਿੱਤਾ ਗਿਆ। ਸਵੇਰੇ ਤੋਂ ਹੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਸੀ। 12 ਘੰਟਿਆਂ ਤਕ ਚੱਲੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਸੋਨੀਆਂ ਦੇ ਨਾਂਅ ਉੱਤੇ ਕਾਂਗਰਸ ਵਰਕਿੰਗ ਕਮੇਟੀ ਵਿੱਚ ਆਮ ਸਹਿਮਤੀ ਬਣੀ। ਇਸ ਤੋਂ ਪਹਿਲਾਂ ਸਵੇਰੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਜਿਸ ਤੋਂ ਬਾਅਦ ਸੂਬੇ ਦੇ ਹੋਰਨਾਂ ਆਗੂਆਂ ਤੋਂ ਪ੍ਰਧਾਨਗੀ ਦੇ ਉਮੀਦਵਾਰ ਬਾਰੇ ਸਲਾਹ ਮਸ਼ਵਰਾ ਕਰਨ ਲਈ ਪੰਜ ਕਮੇਟੀਆਂ ਬਣਾਈਆਂ ਸਨ ਜਿਨ੍ਹਾਂ ਨੇ ਰਾਤ ਅੱਠ ਵਜੇ ਆਪਣੀ ਰਿਪੋਰਟ ਦਿੱਤੀ। ਉਦੋਂ ਰਾਹੁਲ ਗਾਂਧੀ ਦਾ ਨਾਂਅ ਹੀ ਮੁੜ ਪ੍ਰਧਾਨਗੀ ਲਈ ਉਭਰ ਕੇ ਸਾਹਮਣੇ ਆ ਰਿਹਾ ਸੀ। ਦੇਰ ਰਾਤ ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਬਾਰੇ ਕਾਂਗਰਸ ਦੇ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਸੋਨੀਆ ਗਾਂਧੀ ਨੂੰ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਵੱਜੋਂ ਕਾਂਗਰਸ ਨੂੰ ਯੋਗ ਅਗਵਾਈ ਦਿੱਤੀ ਹੈ। ਉਨ੍ਹਾਂ ਰਾਹੁਲ ਦੇ ਕਾਰਜਕਾਲ ਦੀ ਸ਼ਲਾਘਾ ਵਿੱਚ ਮਤਾ ਪਾਸ ਕਰਦਿਆਂ ਕਿਹਾ ਹੈ ਕਿ ਉਹ ਹਰ ਗਰੀਬ ਦੀ ਆਵਾਜ਼ ਬਣ ਕੇ ਉੱਭਰੇ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਵਿੱਚ ਕਾਂਗਰਸ ਨੇ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਵਰਕਿੰਗ ਕਮੇਟੀ ਨੇ ਰਾਹੁਲ ਨੂੰ ਹੀ ਪ੍ਰਧਾਨ ਬਣਾਏ ਰੱਖਣ ਦਾ ਮਤਾ ਪਾਇਆ ਜਿਸ ਨੂੰ ਰਾਹੁਲ ਨੇ ਖ਼ਾਰਜ ਕਰ ਦਿੱਤਾ। ਤੀਸਰੇ ਮਤੇ ਵਿਚ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਨ ਦੀ ਅਪੀਲ ਕੀਤੀ ਗਈ। ਸ੍ਰੀਮਤੀ ਸੋਨੀਆ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਉਹ ਕਾਂਗਰਸ ਨੂੰ ਮੁੜ ਬੁਲੰਦੀਆਂ ਉੱਤੇ ਲੈ ਕੇ ਜਾਣ ਦੇ ਸਮਰੱਥ ਹਨ। ਦੂਜੇ ਪਾਸੇ ਭਾਜਪਾ ਦੇ ਆਗੂ ਰਾਕੇਸ਼ ਸਿਨਹਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਪੜ੍ਹਾਇਆ ਜਾਵੇਗਾ ਕਿ ਕਾਂਗਰਸ ਦੇ ਆਗੂਆਂ ਦਾ ਇੱਕ ਪਰਿਵਾਰ ਵਿਚ ਅਥਾਂਹ ਵਿਸ਼ਵਾਸ ਸੀ। ਇਸ ਤੋਂ ਪਹਿਲਾਂ ਅੱਜ ਪਾਰਟੀ ਨੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਅਤੇ ਮੁਕੁਲ ਵਾਸਨਿਕ ਦੇ ਨਾਵਾਂ ਨੂੰ ਰਾਹੁਲ ਦੇ ਸੰਭਾਵੀ ਵਾਰਿਸਾਂ ਵਜੋਂ ਉਛਾਲਿਆ ਸੀ। ਕਾਂਗਰਸ ਵਰਕਿੰਗ ਕਮੇਟੀ ਦੀ ਸਵੇਰੇ ਦੋ ਘੰਟੇ ਦੀ ਮੀਟਿੰਗ ਤੋਂ ਬਾਅਦ ਸ਼ਾਮ ਨੂੰ ਦੁਬਾਰਾ ਮੀਟਿੰਗ ਦੀ ਤਿਆਰੀ ਸੀ ਤਾਂ ਉਤਰਾਧਿਕਾਰੀ ਦੀ ਚੋਣ ਲਈ ਬਣਾਈਆਂ ਪੰਜ ਸਬ ਕਮੇਟੀਆਂ ਨੇ ਇਕਸੁਰ ਹੋ ਕੇ ਮੁੜ ਰਾਹੁਲ ਗਾਂਧੀ ਦੇ ਨਾਂ ਦਾ ਹੀ ਸੁਝਾਅ ਦਿੱਤਾ ਸੀ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਦੀ ਚੋਣ ਦੇ ਮੁੱਦੇ ’ਤੇ ਸ਼ਨਿਚਰਵਾਰ ਸ਼ਾਮ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਦੂਜੀ ਵਾਰ ਮੀਟਿੰਗ ਹੋਈ। ਇੱਕ ਪਾਸੇ ਜਿੱਥੇ ਰਾਹੁਲ ਗਾਂਧੀ ਨੇ ਅਸਤੀਫੇ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਉਥੇ ਵੱਡੀ ਗਿਣਤੀ ਆਗੂਆਂ, ਸੂਬਾਈ ਮੁਖੀਆਂ ਅਤੇ ਸੰਸਦ ਮੈਂਬਰਾਂ ਨੇ ਰਾਹੁਲ ਦੇ ਪ੍ਰਧਾਨ ਬਣੇ ਰਹਿਣ ਦਾ ਸਮਰਥਨ ਕੀਤਾ।

Share this story
WRITTEN BY

BREAKING