April 23, 2026
#ਭਾਰਤ

ਮਹਾਰਾਸ਼ਟਰ ਵਿੱਚ ਬੱਸ ਅਤੇ ਕੰਟੇਨਰ ਦੀ ਟੱਕਰ ਵਿੱਚ 15 ਵਿਅਕਤੀਆਂ ਦੀ ਮੌਤ, 35 ਜ਼ਖਮੀ

ਧੁਲੇ – ਮਹਾਰਾਸ਼ਟਰ ਦੇ ਧੁਲੇ ਵਿੱਚ ਦਰਦਨਾਕ ਹਾਦਸੇ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ| ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ| ਇਹ ਹਾਦਸਾ ਮਹਾਰਾਸ਼ਟਰ ਟਰਾਂਸਪੋਰਟ ਸੇਵਾ ਬੱਸ ਅਤੇ ਕੰਟੇਨਰ ਦਰਮਿਆਨ ਹੋਈ ਟੱਕਰ ਨਾਲ ਹੋਇਆ| ਦੱਸਿਆ ਜਾ ਰਿਹਾ ਹੈ ਕਿ ਬੱਸ ਧੁਲੇ ਤੋਂ ਔਰੰਗਾਬਾਦ ਵੱਲ ਜਾ ਰਹੀ ਸੀ ਅਤੇ ਕੰਟੇਨਰ ਉਲਟ ਦਿਸ਼ਾ ਤੋਂ ਆ ਰਿਹਾ ਸੀ| ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭਿਜਵਾ ਦਿੱਤੀਆਂ ਹਨ, ਜਦੋਂ ਕਿ ਜ਼ਖਮੀਆਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ| ਇਹ ਹਾਦਸਾ ਸ਼ਹਾਦਾ-ਡੋਂਡਾਈਚਾ ਰੋਡ ‘ਤੇ ਨਿਮਗੁਲ ਪਿੰਡ ਕੋਲ ਐਤਵਾਰ ਦੇਰ ਰਾਤ ਹੋਇਆ| ਚਸ਼ਮਦੀਦਾਂ ਨੇ ਦੱਸਿਆ ਕਿ ਰੋਡਵੇਜ਼ ਦੀ ਬੱਸ ਤੇਜ਼ ਰਫ਼ਤਾਰ ਨਾਲ ਔਰੰਗਾਬਾਦ ਵੱਲ ਜਾ ਰਹੀ ਸੀ| ਅਚਾਨਕ ਬੱਸ ਅਤੇ ਕੰਟੇਨਰ ਆਹਮਣੇ-ਸਾਹਮਣੇ ਆ ਗਏ| ਟੱਕਰ ਇੰਨੀ ਤੇਜ਼ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ| ਸੌਂ ਰਹੇ ਯਾਤਰੀਆਂ ਵਿੱਚ ਹੜਕੰਪ ਮਚ ਗਿਆ| ਕਈ ਯਾਤਰੀਆਂ ਨੂੰ ਕੁਝ ਸਮਝ ਨਹੀਂ ਆਇਆ| ਚੀਕ ਚੀਹਾੜਾਂ ਦੂਰ-ਦੂਰ ਤੱਕ ਫੈਲ ਗਿਆ| ਹਾਦਸੇ ਵਾਲੀ ਜਗ੍ਹਾ ਤੇ ਭੱਜ-ਦੌੜ ਮਚ ਗਈ| ਹਾਈਵੇਅ ਤੋਂ ਲੰਘ ਰਹੇ ਰਾਹਗੀਰਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਰਾਹਤ ਕੰਮ ਵਿੱਚ ਹੱਥ ਵੰਡਾਇਆ| ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਕੰਟੇਨਰ ਅਤੇ ਬੱਸ ਦੋਹਾਂ ਦੇ ਹੀ ਡਰਾਈਵਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ| ਇਸ ਤੋਂ ਇਲਾਵਾ ਮਰਨ ਵਾਲਿਆਂ ਵਿੱਚ ਹੋਰ ਯਾਤਰੀ ਹਨ| ਕਈ ਯਾਤਰੀ ਬੱਸ ਵਿੱਚ ਦੱਬ ਗਏ ਤਾਂ ਉਨ੍ਹਾਂ ਨੂੰ ਕੱਢਣ ਲਈ ਪੁਲਸ ਨੂੰ ਕਾਫੀ ਮਿਹਨਤ ਕਰਨੀ ਪਈ| ਹਨ੍ਹੇਰਾ ਹੋਣ ਕਾਰਨ ਰਾਹਤ ਕੰਮ ਵਿੱਚ ਪਰੇਸ਼ਾਨੀ ਵੀ ਆਈ| ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ| ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਹਾਇਰ ਸੈਂਟਰ ਵਿੱਚ ਇਲਾਜ ਲਈ ਭੇਜਿਆ ਗਿਆ ਹੈ| ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ|