December 8, 2024
#ਦੇਸ਼ ਦੁਨੀਆਂ

ਪਾਕਿ ’ਚ ਕੁਲਭੂਸ਼ਣ ਜਾਧਵ ਨੂੰ ਪਹਿਲੀ ਵਾਰ ਮਿਲੀ ਕੂਟਨੀਤਿਕ ਪਹੁੰਚ

ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੇ ਕੀਤੀ ਮੁਲਾਕਾਤ

ਇਸਲਾਮਾਬਾਦ – ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਹਿਲੀ ਵਾਰ ਕੂਟਨੀਤਿਕ ਪਹੁੰਚ ਮਿਲੀ ਹੈ। ਜਾਧਵ ਪਿਛਲੇ ਤਿੰਨ ਸਾਲ (ਸਾਲ 2016) ਤੋਂ ਜੇਲ੍ਹ ‘ਚ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਅੱਜ ਪਹਿਲੀ ਵਾਰ ਕੌਂਸਲਰ ਐਕਸੈੱਸ ਮਿਲਿਆ। ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਜਾਧਵ ਨਾਲ ਉਨ੍ਹਾਂ ਲਗਪਗ ਦੋ ਘੰਟੇ ਮੁਲਾਕਾਤ ਕੀਤੀ। ਕਾਬਿਲੇਗੌਰ ਹੈ ਕਿ ਭਾਰਤ ਨੇ ਕੁਲਭੂਸ਼ਣ ਯਾਦਵ ਨੂੰ ਦਿੱਤੀ ਜਾਣ ਵਾਲੀ ਕੂਟਨੀਤਕ ਪਹੁੰਚ ਸਬੰਧੀ ਪਾਕਿਸਤਾਨ ਦੇ ਪ੍ਰਸਤਾਵ ਨੂੰ ਮੰਨ ਲਿਆ। ਇਸ ਤੋਂ ਬਾਅਦ ਪਾਕਿਸਤਾਨ ‘ਚ ਆਹਲੂਵਾਲੀਆ, ਕੁਲਭੂਸ਼ਣ ਜਾਧਵ ਨੂੰ ਮਿਲਣ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਪਹੁੰਚੇ। ਆਹਲੂਵਾਲੀਆ ਤੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨਾਲ ਉਨ੍ਹਾਂ ਦੀ ਬੈਠਕ ਹੋਈ। ਸਰਕਾਰੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਪਾਕਿਸਤਾਨ ਇਸ ਲਈ ਸਹੀ ਮਾਹੌਲ ਉਪਲਬਧ ਕਰਵਾਏਗਾ ਤਾਂ ਜੋ ਬੈਠਕ ਸੁਤੰਤਰ, ਨਿਰਪੱਖ, ਸਾਰਥਕ ਅਤੇ ਆਈਸੀਜੇ ਦੇ ਹੁਕਮਾਂ ਅਨੁਸਾਰ ਹੋ ਸਕੇ। ਪਾਕਿਸਤਾਨ ’ਚ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਅੱਜ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੂਲਭੂਸ਼ਣ ਜਾਧਵ ਨਾਲ ਮੁਲਾਕਾਤ ਕੀਤੀ। ਪਾਕਿਸਤਾਨ ਸਰਕਾਰ ਦਾ ਦਾਅਵਾ ਹੈ ਕਿ ਸ੍ਰੀ ਜਾਧਵ ਨੂੰ ਮਾਰਚ 2016 ਦੌਰਾਨ ਪਾਕਿਸਤਾਨੀ ਸੂਬੇ ਬਲੋਚਿਸਤਾਨ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਭਾਰਤ ਸਰਕਾਰ ਦਾ ਦਾਅਵਾ ਹੈ ਕਿ ਸ੍ਰੀ ਜਾਧਵ ਨੂੰ ਈਰਾਨ ਦੀ ਬੰਦਰਗਾਹ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਦੀ ਉਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਸੀ, ਜਿਸ ਵਿੱਚ ਉਸ ਨੇ ਪਾਕਿਸਤਾਨੀ ਜੇਲ੍ਹ ਵਿੱਚ ਕੈਦ ਭਾਰਤੀ ਨਾਗਰਿਕ ਤੇ ਭਾਰਤੀ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਜਰੀ ਕੁਲਭੂਸ਼ਣ ਜਾਧਵ ਨਾਲ ਭਾਰਤੀ ਅਧਿਕਾਰੀਆਂ ਦੀ ਮੁਲਾਕਾਤ ਕਰਵਾਉਣ ਦੀ ਗੱਲ ਕੀਤੀ ਸੀ। ਚੇਤੇ ਰਹੇ ਕਿ ਪਾਕਿਤਸਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਪਹਿਲਾਂ ਕਿਹਾ ਸੀ ਕਿ 49 ਸਾਲਾ ਜਾਧਵ ਨੂੰ ਵੀਐਨਾ ਸੰਧੀ, ਕੌਮਾਂਤਰੀ ਅਦਾਲਤ ਦੇ ਫ਼ੈਸਲੇ ਤੇ ਪਾਕਿਸਤਾਨੀ ਕਾਨੂੰਨ ਅਧੀਨ ਸੋਮਵਾਰ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਜਾਧਵ ਨੂੰ ਬਾਸ਼ਰਤ ਪਹੁੰਚ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਆਜ਼ਾਦ ਤੇ ਪ੍ਰਭੂਸੱਤਾਸੰਪੰਨ ਦੇਸ਼ਾਂ ਵਿਚਾਲੇ ਆਪਸੀ ਕੂਟਨੀਤਕ ਸਬੰਧਾਂ ਨੂੰ ਲੈ ਕੇ ਸਭ ਤੋਂ ਪਹਿਲਾਂ 1961 ’ਚ ਵੀਐਨਾ ਸੰਮੇਲਨ ਹੋਇਆ ਸੀ। ਇਸ ਅਧੀਨ ਇੱਕ ਅਜਿਹੀ ਕੌਮਾਂਤਰੀ ਸੰਧੀ ਦੀ ਵਿਵਸਥਾ ਰੱਖੀ ਗਈ ਸੀ; ਜਿਸ ਵਿੱਚ ਕੂਟਨੀਤਕਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸਨ।