Skip to content

550ਵੇਂ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਸਬੰਧੀ ਤਾਲਮੇਲੀ ਕਮੇਟੀ ਦੀ ਹੋਈ ਇਕੱਤਰਤਾ

Share this story

ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਾਂਝੇ ਤੌਰ ’ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੀ ਤਾਲਮੇਲ ਕਮੇਟੀ ਦੀ ਇਕੱਤਰਤਾ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੈਂਬਰ ਜਥੇਦਾਰ ਤੋਤਾ ਸਿੰਘ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੁੱਖ ਸਕੱਤਰ ਡਾ. ਰੂਪ ਸਿੰਘ, ਪੰਜਾਬ ਸਰਕਾਰ ਤਰਫੋਂ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਭਗਵੰਤਪਾਲ ਸਿੰਘ ਸੱਚਰ ਅਤੇ ਸਾਂਝੇ ਨੁਮਾਇੰਦੇ ਵਜੋਂ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੇ ਪ੍ਰਤੀਨਿਧ ਬਾਬਾ ਨੌਰੰਗ ਸਿੰਘ ਮੌਜੂਦ ਰਹੇ। ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਵਿਚਾਰ-ਵਟਾਂਦਰਾਂ ਸਦਭਾਵਨਾ ਵਾਲੇ ਮਾਹੌਲ ਵਿਚ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਜੀ ਦੇ ਇਤਿਹਾਸਕ ਪੁਰਬ ਮੌਕੇ ਇਹ ਸੰਦੇਸ਼ ਸਮੁੱਚੀ ਦੁਨੀਆਂ ਅੰਦਰ ਜਾਵੇ। ਇਸੇ ਸਬੰਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਤਾਲਮੇਲ ਗਠਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬੈਠਕ ਦੌਰਾਨ ਹਰ ਮੈਂਬਰ ਦਾ ਹੁੰਗਾਰਾ ਹਾਂ-ਪੱਖੀ ਰਿਹਾ ਹੈ। ਦੋਹਾਂ ਧਿਰਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਸਮਾਗਮ ਸਾਂਝੇ ਤੌਰ ’ਤੇ ਮਨਾਏ ਜਾਣੇ ਚਾਹੀਦੇ ਹਨ। ਭਾਈ ਲੌਂਗੋਵਾਲ ਨੇ ਇਕੱਤਰਤਾ ਦੇ ਨਤੀਜੇ ਸਾਥਰਕ ਨਿਕਲਣ ਦੀ ਆਸ ਪ੍ਰਗਟਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨੁਮਾਇੰਦੇ ਭੇਜਣ ਲਈ ਧੰਨਵਾਦ ਕੀਤਾ। ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਕੱਤਰਤਾ ’ਚ ਹੋਏ ਵਿਚਾਰ ਵਟਾਂਦਰੇ ਨੂੰ ਮੁੱਖ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝਾ ਕੀਤਾ ਜਾਵੇਗਾ। ਮੁੱਖ ਮੰਤਰੀ ਨਾਲ ਇਕੱਤਰਤਾ ਮਗਰੋਂ ਆਉਂਦੇ ਦਿਨਾਂ ਵਿਚ ਪ੍ਰੋਗਰਾਮਾਂ ਸਬੰਧੀ ਰੂਪ ਰੇਖਾ ਦੱਸੀ ਜਾਵੇਗੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਭਗਵੰਤਪਾਲ ਸਿੰਘ ਸੱਚਰ ਨੂੰ ਧਾਰਮਿਕ ਪੁਸਤਕਾਂ ਨਾਲ ਸਨਮਾਨ ਵੀ ਦਿੱਤਾ। ਪ੍ਰੈੱਸ ਵਾਰਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਮਨਜੀਤ ਸਿੰਘ, ਮੈਂਬਰ ਭਾਈ ਰਾਮ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਮਹਿੰਦਰ ਸਿੰਘ ਆਹਲੀ, ਸ. ਮਨਜੀਤ ਸਿੰਘ ਬਾਠ, ਸ. ਸੁਖਦੇਵ ਸਿੰਘ ਭੂਰਾਕੋਹਨਾ, ਇੰਜ: ਸੁਖਮਿੰਦਰ ਸਿੰਘ ਨਿੱਜੀ ਸਕੱਤਰ ਆਦਿ ਵੀ ਮੌਜੂਦ ਸਨ।

Share this story
WRITTEN BY

BREAKING