ਕਪਿਲ ਦੇਵ ਦੀ ਅਗਵਾਈ ਵਾਲੀ ਸੀਏਸੀ ਨੂੰ ਨੋਟਿਸ
ਬੀਸੀਸੀਆਈ ਅਧਿਕਾਰੀ ਡੀ.ਕੇ. ਜੈਨ ਨੇ ਅੱਜ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੂੰ ਹਿੱਤਾਂ ਦੇ ਟਕਰਾਅ ਦਾ ਨੋਟਿਸ ਭੇਜਿਆ ਹੈ। ਸੀਏਸੀ ਵਿਚ ਕਪਿਲ, ਸ਼ਾਂਤਾ ਰੰਗਾਸਵਾਮੀ ਤੇ ਅੰਸ਼ੂਮਨ ਗਾਇਕਵਾੜ ਸ਼ਾਮਲ ਹਨ ਜਿਨ੍ਹਾਂ ਹਾਲ ਹੀ ਵਿਚ ਭਾਰਤ ਦੇ ਮੁੱਖ ਕੋਚ ਦੀ ਚੋਣ ਕੀਤੀ ਸੀ। ਉਨ੍ਹਾਂ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਦੋਸ਼ ਹਨ। ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰ ਸੰਜੀਵ ਗੁਪਤਾ ਨੇ ਇਨ੍ਹਾਂ ਤਿੰਨਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਇਸ ਕਮੇਟੀ ਨੇ ਅਗਸਤ ਵਿਚ ਰਵੀ ਸ਼ਾਸਤਰੀ ਨੂੰ ਮੁੱਖ ਕੋਚ ਨਿਯੁਕਤ ਕੀਤਾ ਸੀ। ਬੀਸੀਸੀਆਈ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਦਾ ਜਵਾਬ ਹਲਫ਼ਨਾਮੇ ਨਾਲ ਦੇਣ ਲਈ ਕਿਹਾ ਗਿਆ ਹੈ।






