ਕੋਰੀਆ ਓਪਨ ਦੇ ਸੈਮੀਫਾਈਨਲ ’ਚ ਕਸ਼ਯਪ ਹਾਰਿਆ
ਭਾਰਤੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ ਅੱਜ ਇੱਥੇ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿਚ ਸੰਸਾਰ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਟੋ ਮੋਮੋਟਾ ਤੋਂ ਹਾਰ ਗਏ। ਸੰਸਾਰ ਦਰਜਾਬੰਦੀ ਵਿਚ 30ਵੇਂ ਸਥਾਨ ’ਤੇ ਕਾਬਜ਼ ਹੈਦਰਾਬਾਦ ਦੇ 33 ਸਾਲ ਦੇ ਖਿਡਾਰੀ ਨੂੰ ਦੁਨੀਆ ਦੇ ਚੋਟੀ ਦੇ ਖਿਡਾਰੀ ਮੋਮੋਟਾ ਨੇ 40 ਮਿੰਟ ਚੱਲੇ ਮੁਕਾਬਲੇ ’ਚ 21-13, 21-15 ਨਾਲ ਹਰਾਇਆ।ਕਸ਼ਯਪ ਦੀ ਹਾਰ ਨਾਲ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ। ਸਾਲ 2014 ਵਿਚ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਕਸ਼ਯਪ ਇਸ ਸੈਸ਼ਨ ’ਚ ਦੂਜੀ ਵਾਰ ਸੈਮੀਫਾਈਨਲ ਤੋਂ ਅੱਗੇ ਨਹੀਂ ਵੱਧ ਸਕੇ ਹਨ। ਉਹ ਇੰਡੀਆ ਓਪਨ ਸੁਪਰ 500 ਟੂਰਨਾਮੈਂਟ ਦੇ ਵੀ ਆਖ਼ਰੀ ਚਾਰ ਵਿਚ ਪਹੁੰਚੇ ਸਨ। ਕਸ਼ਯਪ ਕੋਲ ਮੋਮੋਟਾ ਦੀ ਬਿਹਤਰੀਨ ਖੇਡ ਦਾ ਕੋਈ ਜਵਾਬ ਨਹੀਂ ਸੀ ਤੇ ਜਾਪਾਨੀ ਖਿਡਾਰੀ ਨੇ ਸ਼ੁਰੂਆਤ ਵਿਚ ਹੀ 9-5 ਨਾਲ ਲੀਡ ਲੈ ਲਈ ਸੀ। ਭਾਰਤੀ ਖਿਡਾਰੀ ਨੇ ਮੋੜਵੀਂ ਸਰਵਿਸ ਤੇ ਬਾਡੀ ਸਮੈਸ਼ ਰਾਹੀਂ ਕੁਝ ਅੰਕ ਜੁਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਨੂੰ ਬਰਕਰਾਰ ਨਹੀਂ ਰੱਖ ਸਕੇ। ਇਸ ਤੋਂ ਬਾਅਦ ਮੋਮੋਟਾ ਦੀ ਲੀਡ ਵੱਧ ਕੇ 18-10 ਦੀ ਹੋ ਗਈ ਤੇ ਮਗਰੋਂ ਵੀ ਉਸ ਨੇ ਚੰਗੀ ਕਾਰਗੁਜ਼ਾਰੀ ਦਿਖਾਉਂਦਿਆਂ ਲੀਡ ਨੂੰ 20-13 ਕਰ ਦਿੱਤਾ।






