ਦੇਸ਼ ਦੀ ਪਹਿਲੀ ਕਾਰਪੋਰੇਟ ਟ੍ਰੇਨ ਤੇਜਸ ਨੂੰ ਹਰੀ ਝੰਡੀ, ਲਖਨਊ ਤੋਂ ਦਿੱਲੀ ਤੱਕ ਚੱਲੇਗੀ
ਨਵੀਂ ਦਿੱਲੀ – ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਦਿੱਲੀ ਤੱਕ ਦੇ ਪਹਿਲੇ ਸਫਰ ਦਾ ਉਦਘਾਟਨ ਯਾਤਰੀਆਂ ਲਈ ਸ਼ਾਨਦਾਰ ਹੋਣ ਜਾ ਰਿਹਾ ਹੈ| ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਲਖਨਊ ਜੰਕਸ਼ਨ ਤੋਂ ਇਸ ਟ੍ਰੇਨ ਨੂੰ ਦਿੱਲੀ ਲਈ ਰਵਾਨਾ ਕੀਤਾ| ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਸਵੇਰੇ ਦੇਸ਼ ਦੀ ਕਾਰਪੋਰੇਟ ਸੈਕਟਰ ਦੀ ਪਹਿਲੀ ਟ੍ਰੇਨ ਤੇਜਸ ਨੂੰ ਹਰੀ ਝੰਡੀ ਦਿਖਾਈ| ਦੱਸ ਦੇਈਏ ਕਿ ਇਹ ਟ੍ਰੇਨ ਹਫਤੇ ਵਿੱਚ 6 ਦਿਨ ਚੱਲੇਗੀ| ਏਅਰਲਾਈਨ ਦੀ ਪਹਿਲੀ ਉਡਾਣ ਦੀ ਤਰਜ ਤੇ ਆਈ. ਆਰ. ਸੀ. ਟੀ. ਸੀ. ਤੇਜਸ ਸਪੈਸ਼ਲ ਵਿੱਚ ਪਹਿਲਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਗਿਫਟ ਦਿੱਤੇ ਜਾਣਗੇ| ਯਾਤਰੀਆਂ ਨੂੰ ਆਈ. ਆਰ. ਸੀ. ਟੀ. ਸੀ. ਵੱਲੋਂ ਸੁਆਦੀ ਭੋਜਨ ਵੀ ਖਵਾਇਆ ਜਾਵੇਗਾ, ਜਿਸ ਦੇ ਲਈ ਉਨ੍ਹਾਂ ਤੋਂ ਪੈਸੇ ਨਹੀਂ ਲਏ ਜਾਣਗੇ| ਦਿੱਲੀ-ਲਖਨਊ ਤੇਜਸ ਐਕਸਪ੍ਰੈਸ ਦੇ ਯਾਤਰੀਆਂ ਨੂੰ ਟ੍ਰੇਨ ਦੇ ਆਉਣ ਵਿੱਚ ਦੇਰੀ ਹੋਣ ਤੇ ਮੁਆਵਜਾ ਦਿੱਤਾ ਜਾਵੇਗਾ| ਰੇਲਵੇ ਦੀ ਸਹਾਇਕ ਕੰਪਨੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ 1 ਘੰਟੇ ਤੋਂ ਜ਼ਿਆਦਾ ਸਮਾਂ ਟ੍ਰੇਨ ਵਿੱਚ ਦੇਰੀ ਹੋਣ ਤੇ 100 ਰੁਪਏ ਅਤੇ 2 ਘੰਟੇ ਤੋਂ ਜ਼ਿਆਦਾ ਸਮੇਂ ਤੱਕ 250 ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ| ਤੇਜਸ ਟ੍ਰੇਨ ਗਾਜੀਆਬਾਦ ਅਤੇ ਕਾਨਪੁਰ ਵਿੱਚ ਖੜ੍ਹੀ ਹੋਵੇਗੀ| ਲਖਨਊ ਤੋਂ ਦਿੱਲੀ ਆਉਣ ਵਾਲੀ ਟ੍ਰੇਨ ਵੀ ਇਨ੍ਹਾਂ ਦੋ ਸਥਾਨਾਂ ਤੇ ਰੁਕੇਗੀ| ਤੇਜਸ ਦਾ ਸੰਚਾਲਨ ਪੂਰੀ ਤਰ੍ਹਾਂ ਪ੍ਰਾਈਵੇਟ ਕੰਪਨੀ ਆਈ. ਆਰ. ਸੀ. ਟੀ. ਸੀ. ਦੇ ਹੱਥ ਹੋਵੇਗਾ| ਤੇਜਸ ਦਿੱਲੀ-ਲਖਨਊ ਦੋਵਾਂ ਪਾਸਿਓ ਮੰਗਲਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ ਸਾਰੇ ਦਿਨਾਂ ਸੋਮਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਚੱਲੇਗੀ|






