April 28, 2026
#ਭਾਰਤ

ਜੰਮੂ ਕਸ਼ਮੀਰ ਵਿੱਚ ਦੋ ਤੋਂ ਤਿੰਨ ਸੌ ਅੱਤਵਾਦੀ ਸਰਗਰਮ : ਡੀਜੀਪੀ

ਸ਼੍ਰੀਨਗਰ – ਜੰਮੂ-ਕਸ਼ਮੀਰ ਵਿੱਚ ਫਿਲਹਾਲ 200-300 ਅੱਤਵਾਦੀ ਐਕਟਿਵ ਹਨ| ਠੰਢ ਸ਼ੁਰੂ ਹੋਣ ਤੋਂ ਪਹਿਲਾਂ ਪਾਕਿਸਤਾਨ ਸੀਜ਼ਫਾਈਰ ਦੀ ਉਲੰਘਣਾ ਕਰਕੇ ਅੱਤਵਾਦੀ ਕਸ਼ਮੀਰ ਵਿੱਚ ਘੁਸਪੈਠ ਕਰਨ ਵਿੱਚ ਮਦਦ ਕਰਨ ਦੀ ਫਿਰਾਕ ਵਿੱਚ ਹਨ| ਇਹ ਗੱਲ ਡੀਜੀਪੀ ਦਿਲਬਾਗ ਸਿੰਘ ਨੇ ਕਹੀ| ਉਨ੍ਹਾਂ ਮੁਤਾਬਕ ਵੱਡੀ ਗਿਣਤੀ ਵਿੱਚ ਅੱਤਵਾਦੀ ਸੂਬੇ ਵਿੱਚ ਦਾਖਿਲ ਹੋਣ ਵਿੱਚ ਕਾਮਯਾਬ ਰਹੇ ਹਨ, ਜਦਕਿ ਕਈ ਅੱਤਵਾਦੀਆਂ ਦੀਆਂ ਕੋਸ਼ਿਸ਼ਾਂ ਨੂੰ ਸੁਰੱਖਿਆ ਬਲਾਂ ਨੇ ਨਾਕਾਮਯਾਬ ਵੀ ਕੀਤਾ ਹੈ| ਦਿਲਬਾਗ ਸਿੰਘ ਨੇ ਕਿਹਾ, ਕਸ਼ਮੀਰ ਤੇ ਜੰਮੂ ਦੋਵੇਂ ਖੇਤਰਾਂ ਵਿੱਚ ਐਲਓਸੀ ਤੇ ਸੀਜ਼ਫਾਈਰ ਦੀ ਉਲੰਘਣਾ ਕਰਨ ਦੀਆਂ ਕਈ ਘਟਨਾਵਾਂ ਹੋਈਆਂ| ਆਰਐਸਪੁਰਾ ਤੇ ਅੰਤਰਾਸ਼ਟਰੀ ਸੀਮਾ ਤੇ ਲੱਗੇ ਹੀਰਾਨਗਰ, ਪੁਣਛ, ਰਾਜੌਰੀ, ਨਾਂਬਲਾ, ਕਰਨਾਹ ਤੇ ਕੇਰਨ ਵਿੱਚ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ| ਪਾਕਿ ਗੋਲਾਬਾਰੀ ਕਰ ਅੱਤਵਾਦੀਆਂ ਦੀ ਘੁਸਪੈਠ ਵਿੱਚ ਮਦਦ ਕਰਨਾ ਚਾਹੁੰਦਾ ਹੈ ਪਰ ਸਾਡੇ ਵੱਲੋਂ ਪੂਰੀ ਤਿਆਰੀ ਹੈ|ਉਨ੍ਹਾਂ ਨੇ ਕਿਹਾ ਕਿ 29 ਸਤੰਬਰ ਤੋਂ ਗੰਦੇਰਬਲ ਵਿੱਚ ਚਾਰ ਦਿਨਾਂ ਤਕ ਚੱਲੇ ਆਪ੍ਰੇਸ਼ਨ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਤੇ ਗੁਲਮਰਗ ਸੈਕਟਰ ਤੋਂ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ| ਅੱਤਵਾਦੀਆਂ ਦੀ ਮੌਜੂਦਗੀ ਕੁਝ ਥਾਂਵਾਂ ਤੇ ਵੇਖੀ ਗਈ ਤੇ ਉਨ੍ਹਾਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਗਈ|ਜਿਕਰਯੋਗ ਹੈ ਕਿ ਪੁਲੀਸ ਨੇ ਐਤਵਾਰ ਨੂੰ ਬਾਰਾਮੂਲਾ ਤੋਂ ਜੈਸ਼-ਏ-ਮੁਹਮੰਦ ਦਾ ਇੱਕ ਅੱਤਵਾਦੀ ਗ੍ਰਿਫਤਾਰ ਕੀਤਾ ਸੀ| ਉਸ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਤੇ ਬਾਰੂਦ ਮਿਲਿਆ ਸੀ|