ਗੁਜਰਾਤ ਵਿੱਚ ਪੁਲ ਟੁੱਟਣ ਕਾਰਨ 4 ਵਿਅਕਤੀ ਜ਼ਖਮੀ
ਅਹਿਮਦਾਬਾਦ – ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ਵਿਚ 60 ਫੁੱਟ ਲੰਬੇ ਇਕ ਪੁਲ ਦੇ ਟੁੱਟ ਜਾਣ ਕਾਰਨ 4 ਵਿਅਕਤੀ ਜ਼ਖਮੀ ਹੋ ਗਏ| ਹਾਦਸਾ ਜੂਨਾਗੜ੍ਹ ਦੇ ਮਲੰਕਾ ਪਿੰਡ ਨੇੜੇ ਹੋਇਆ| ਪੁਲ ਟੁੱਟਣ ਦੀ ਵਜ੍ਹਾ ਭਾਰੀ ਬਾਰਿਸ਼ ਦੱਸੀ ਜਾ ਰਹੀ ਹੈ| ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਪੁਲ ਤੋਂ ਕੁਝ ਵਾਹਨ ਲੰਘ ਰਹੇ ਸਨ, ਜੋ ਹਾਦਸੇ ਦਾ ਸ਼ਿਕਾਰ ਹੋ ਗਏ| ਪੁਲ ਟੁੱਟਣ ਮਗਰੋਂ ਵਾਹਨਾਂ ਵਿੱਚ ਸਵਾਰ ਲੋਕਾਂ ਦੇ ਸਾਹ ਅਟਕੇ ਰਹੇ| ਪੁਲ ਦੇ ਆਲੇ-ਦੁਆਲੇ ਖੇਤਾਂ ਵਿੱਚ ਕੰਮ ਕਰ ਰਹੇ ਲੋਕ ਆਵਾਜ਼ ਸੁਣ ਕੇ ਮੌਕੇ ਤੇ ਪੁੱਜੇ ਅਤੇ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ| ਹਾਦਸੇ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਨੇ ਲੋਕਾਂ ਨੂੰ ਬਾਹਰ ਕੱਢਿਆ| ਪੁਲੀਸ ਵੀ ਮੌਕੇ ਤੇ ਪੁੱਜੀ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ| ਇਸ ਹਾਦਸੇ ਤੋਂ ਬਾਅਦ ਰਸਤਾ ਬੰਦ ਹੋ ਗਿਆ ਅਤੇ ਵਾਹਨਾਂ ਨੂੰ ਦੂਜੇ ਰਸਤਿਓਂ ਜਾਣਾ ਪੈ ਰਿਹਾ ਹੈ| ਜੂਨਾਗੜ੍ਹ ਵਸਨੀਕ ਨੇ ਦੱਸਿਆ ਕਿ ਪੁਲ ਦਾ ਇਕ ਹਿੱਸਾ ਟੁੱਟਣ ਕਾਰਨ ਕੁਝ ਵਾਹਨ ਵਿਚਾਲੇ ਹੀ ਫਸ ਗਏ| ਇਹ ਪੁਲ ਕਰੀਬ 40 ਸਾਲ ਪਹਿਲਾਂ ਮਲੰਕਾ ਪਿੰਡ ਕੋਲ ਬਣਿਆ ਸੀ| ਪੁਲ ਟੁੱਟਣ ਕਾਰਨ ਸਾਸਨ-ਗਿਰ ਅਤੇ ਮਹਿੰਦਰਾ ਵਿਚਾਲੇ ਵਾਹਨਾਂ ਦੀ ਆਵਾਜਾਈ ਰੁੱਕ ਗਈ| ਕਲੈਕਟਰ ਨੇ ਕਿਹਾ ਕਿ ਯਾਤਰੀਆਂ ਲਈ ਇਕ ਬਦਲਵਾਂ ਰਸਤਾ ਖੋਲ੍ਹਿਆ ਗਿਆ ਹੈ|






