April 25, 2026
#ਦੇਸ਼ ਦੁਨੀਆਂ

ਵਾਤਾਵਰਨ ਪੱਖੀ ਪ੍ਰਦਰਸ਼ਨ ’ਚ ਸ਼ਾਮਲ ਜੇਨ ਫੌਂਡਾ ਗ੍ਰਿਫ਼ਤਾਰ

ਵਾਸ਼ਿੰਗਟਨ – ਜਲਵਾਯੂ ਤਬਦੀਲੀ ਖ਼ਿਲਾਫ਼ ਕੀਤੇ ਪ੍ਰਦਰਸ਼ਨ ਵਿੱਚ ਸ਼ਾਮਲ ਸੀਨੀਅਰ ਅਦਾਕਾਰਾ ਜੇਨ ਫੌਂਡਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ।‘ਦਿ ਹਾਲੀਵੁੱਡ ਰਿਪੋਰਟਰ’ ਅਨੁਸਾਰ 81 ਵਰ੍ਹਿਆਂ ਦੀ ਅਦਾਕਾਰਾ ਸਣੇ 16 ਜਣਿਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਇਨ੍ਹਾਂ ’ਤੇ ‘ਭੀੜ ਕਰਨ ਤੇ ਵਿਘਨ ਪਾਉਣ’ ਦੇ ਦੋਸ਼ ਸਨ। ਰਾਜਧਾਨੀ ਦੀ ਪੁਲੀਸ ਦੀ ਤਰਜ਼ਮਾਨ ਈਵਾ ਮਾਲੇਕੀ ਨੇ ਦੱਸਿਆ, ‘‘ਅਮਰੀਕਾ ਦੀ ਕੌਮੀ ਰਾਜਧਾਨੀ ਦੀ ਪੁਲੀਸ ਨੇ ਵਾਸ਼ਿੰਗਟਨ ਡੀਸੀ ਦੇ ਪੂਰਬ ਵਾਲੇ ਹਿੱਸੇ ਵਿੱਚ ਗੈਰਕਾਨੂੰਨੀ ਢੰਗ ਨਾਲ ਪ੍ਰਦਰਸ਼ਨ ਕਰ ਰਹੇ 16 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।’’ ਫੌਂਡਾ ਨੂੰ ਹੱਥਕੜੀਆਂ ਲਾ ਕੇ ਪੁਲੀਸ ਵਾਹਨ ਤੱਕ ਲਿਜਾਏ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਗਈ। ਉਸ ਨੂੰ ਕੁਝ ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ। ਇਹ ਘਟਨਾ ਇਸ ਅਦਾਕਾਰਾ ਵਲੋਂ ਕੁਝ ਦਿਨ ਪਹਿਲਾਂ ਹੀ ‘ਫਾਇਰ ਡਰਿੱਲ ਫਰਾਈਡੇਅ’ ਨਾਂ ਦੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਵਾਪਰੀ ਹੈ।