ਭਾਰਤ ਨੇ ਨਿਊਜ਼ੀਲੈਂਡ ਨੂੰ 8-2 ਨਾਲ ਰੋਲਿਆ
ਸੰਜੇ ਦੇ ਦੋ ਗੋਲਾਂ ਅਤੇ ਹੋਰ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਜੂਨੀਅਰ ਹਾਕੀ ਟੀਮ ਨੇ ਸੁਲਤਾਨ ਜੋਹੋਰ ਕੱਪ ਵਿੱਚ ਅੱਜ ਇੱਥੇ ਨਿਊਜ਼ੀਲੈਂਡ ’ਤੇ 8-2 ਗੋਲਾਂ ਨਾਲ ਵੱਡੀ ਜਿੱਤ ਦਰਜ ਕੀਤੀ। ਸੰਜੇ ਨੇ 17ਵੇਂ ਅਤੇ 22ਵੇਂ ਮਿੰਟ ਵਿੱਚ ਗੋਲ ਕੀਤੇ। ਉਸ ਤੋਂ ਇਲਾਵਾ ਦਿਲਪ੍ਰੀਤ ਸਿੰਘ ਸਿੰਘ (ਛੇਵੇਂ ਮਿੰਟ), ਸ਼ਿਲਾਨੰਦ ਲਾਕੜਾ (14ਵੇਂ ਮਿੰਟ), ਮਨਦੀਪ ਮੋਰ (22ਵੇਂ ਮਿੰਟ), ਸੁਮਨ ਬੈੱਕ (45ਵੇਂ ਮਿੰਟ), ਪ੍ਰਤਾਪ ਲਾਕੜਾ (50ਵੇਂ ਮਿੰਟ) ਅਤੇ ਸੁਦੀਪ ਚਿਰਮਾਕੋ (51ਵੇਂ ਮਿੰਟ) ਨੇ ਜਿੱਤ ਵਿੱਚ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਵੱਲੋਂ ਦੋਵੇਂ ਗੋਲ ਡਾਇਲਨ ਥੌਮਸ (28ਵੇਂ, 44ਵੇਂ ਮਿੰਟ) ਨੇ ਕੀਤੇ।ਭਾਰਤ ਦੀ ਟੂਰਨਾਮੈਂਟ ਵਿੱਚ ਇਹ ਦੂਜੀ ਜਿੱਤ ਹੈ। ਉਸ ਨੇ ਪਹਿਲੇ ਮੈਚ ਵਿੱਚ ਮੇਜ਼ਬਾਨ ਮਲੇਸ਼ੀਆ ਨੂੰ 4-2 ਗੋਲਾਂ ਨਾਲ ਸ਼ਿਕਸਤ ਦਿੱਤੀ ਸੀ। ਰਾਊਂਡ ਰੌਬਿਨ ਟੂਰਨਾਮੈਂਟ ਵਿੱਚ ਭਾਰਤ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਜਾਪਾਨ ਨਾਲ ਹੋਵੇਗਾ।ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ। ਉਸ ਨੂੰ ਦੂਜੇ ਹੀ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਨਿਊਜ਼ੀਲੈਂਡ ਨੇ ਉਸ ਨੂੰ ਬਚਾ ਲਿਆ। ਇਸ ਮਗਰੋਂ ਦਿਲਪ੍ਰੀਤ ਨੇ ਛੇਤੀ ਹੀ ਮੈਦਾਨੀ ਗੋਲ ਦਾਗ਼ ਕੇ ਭਾਰਤ ਦਾ ਖਾਤਾ ਖੋਲ੍ਹਿਆ। ਭਾਰਤੀ ਟੀਮ ਨੇ ਲਗਾਤਾਰ ਦਬਾਅ ਬਣਾਈ ਰੱਖਿਆ ਅਤੇ ਇਸ ਦਾ ਫ਼ਾਇਦਾ ਉਠਾਉਂਦਿਆਂ ਸ਼ਿਲਾਨੰਦ ਨੇ 14ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਦੁੱਗਣਾ ਕਰ ਦਿੱਤਾ। ਭਾਰਤ ਨੇ ਦੂਜੇ ਕੁਆਰਟਰ ਦੇ ਸ਼ੁਰੂ ਵਿੱਚ ਹੀ ਤੀਜਾ ਗੋਲ ਵੀ ਦਾਗ਼ ਦਿੱਤਾ। ਨਿਊਜ਼ੀਲੈਂਡ ਨੇ ਇਸ ਦੇ ਤੁਰੰਤ ਮਗਰੋਂ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਭਾਰਤੀ ਡਿਫੈਂਡਰਾਂ ਸਾਹਮਣੇ ਉਸ ਦੀ ਇੱਕ ਨਾ ਚੱਲੀ। ਕਪਤਾਨ ਮਨਦੀਪ ਮੋਰ ਨੇ 20ਵੇਂ ਮਿੰਟ ਵਿੱਚ ਚੌਥਾ ਗੋਲ ਕੀਤਾ। ਇਸ ਦੇ ਦੋ ਮਿੰਟ ਮਗਰੋਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਸੰਜੇ ਨੇ ਗੋਲ ਵਿੱਚ ਬਦਲ ਦਿੱਤਾ।






