April 30, 2026
#ਖੇਡਾਂ

ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਬਣਾਇਆ ਵਿਸ਼ਵ ਰਿਕਾਰਡ

ਪੁਣੇ – ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਦੂਜੇ ਕ੍ਰਿਕਟ ਟੈਸਟ ਵਿੱਚ ਚੌਥੇ ਹੀ ਦਿਨ ਅੱਜ ਇੱਕ ਪਾਰੀ ਅਤੇ 137 ਦੌੜਾਂ ਨਾਲ ਹਰਾ ਕੇ ਦੇਸ਼ ਵਿੱਚ ਰਿਕਾਰਡ ਲਗਾਤਾਰ 11ਵੀਂ ਲੜੀ ਜਿੱਤੀ। ਭਾਰਤ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਭਾਰਤ ਨੇ ਵਿਸ਼ਾਖਾਪਟਨਮ ਵਿੱਚ ਪਹਿਲਾ ਟੈਸਟ 203 ਦੌੜਾਂ ਨਾਲ ਜਿੱਤਿਆ ਸੀ। ਦੱਖਣੀ ਅਫਰੀਕਾ ਨੂੰ ਸਾਲ 2008 ਮਗਰੋਂ ਕਿਸੇ ਟੈਸਟ ਲੜੀ ਵਿੱਚ ਫਾਲੋਆਨ ਖੇਡਣ ਲਈ ਮਜ਼ਬੂਰ ਕਰਨ ਵਾਲੀ ਭਾਰਤ ਪਹਿਲੀ ਟੀਮ ਬਣ ਗਈ ਹੈ। ਇਹ ਟੈਸਟ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ ਅਤੇ ਭਾਰਤ ਦੇ ਇਸ ਵੱਡੀ ਜਿੱਤ ਨਾਲ ਟੂਰਨਾਮੈਂਟ ਵਿੱਚ 200 ਅੰਕ ਹੋ ਗਏ ਹਨ। ਉਹ ਅੰਕ ਸੂਚੀ ਵਿੱਚ ਚੋਟੀ ’ਤੇ ਪਹੁੰਚ ਗਿਆ ਹੈ, ਜੋ ਆਪਣੇ ਨੇੜਲੇ ਵਿਰੋਧੀ ਨਿਊਜ਼ੀਲੈਂਡ ਤੋਂ 140 ਅੰਕ ਅੱਗੇ ਹੈ। ਕਪਤਾਨ ਵਜੋਂ ਆਪਣਾ 50ਵਾਂ ਟੈਸਟ ਖੇਡਦਿਆਂ ਵਿਰਾਟ ਕੋਹਲੀ ਨੇ ਭਾਰਤ ਨੂੰ ਸਵਦੇਸ਼ ਵਿੱਚ ਲਗਾਤਾਰ 11ਵੀਂ ਜਿੱਤ ਦਿਵਾਈ, ਜੋ ਵਿਸ਼ਵ ਰਿਕਾਰਡ ਹੈ।ਪਹਿਲੀ ਪਾਰੀ ਵਿੱਚ 275 ਦੌੜਾਂ ਬਣਾਉਣ ਵਾਲੀ ਦੱਖਣੀ ਅਫ਼ਰੀਕੀ ਟੀਮ ਦੂਜੀ ਪਾਰੀ ਵਿੱਚ 189 ਦੌੜਾਂ ’ਤੇ ਢੇਰ ਹੋ ਗਈ। ਭਾਰਤ ਨੇ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ਗੁਆ ਕੇ 601 ਦੌੜਾਂ ’ਤੇ ਐਲਾਨੀ ਸੀ। ਫਾਲੋਆਨ ਖੇਡਦਿਆਂ ਵਰਨੋਨ ਫਿਲੈਂਡਰ ਅਤੇ ਕੇਸ਼ਵ ਮਹਾਰਾਜ ਨੇ ਅਖ਼ੀਰ ਵਿੱਚ ਜਿੱਤ ਲਈ ਭਾਰਤ ਦੀ ਉਡੀਕ ਲੰਮੀ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ 67ਵੇਂ ਓਵਰ ਵਿੱਚ ਫਿਲੈਂਡਰ (37 ਦੌੜਾਂ) ਅਤੇ ਕੈਗਿਸੋ ਰਬਾਡਾ (ਚਾਰ ਦੌੜਾਂ) ਨੂੰ ਪੈਵਿਲੀਅਨ ਭੇਜਿਆ। ਇਸ ਦੇ ਅਗਲੇ ਓਵਰ ਵਿੱਚ ਰਵਿੰਦਰ ਜਡੇਜਾ ਨੇ ਦੂਜੀ ਹੀ ਗੇਂਦ ’ਤੇ ਮਹਾਰਾਜ (22 ਦੌੜਾਂ) ਨੂੰ ਐੱਲਬੀਡਬਲਯੂ ਆਊਟ ਕੀਤਾ। ਦੱਖਣੀ ਅਫਰੀਕੀ ਟੀਮ ਨੇ ਰੀਵਿਊ ਮੰਗਿਆ, ਪਰ ਫ਼ੈਸਲਾ ਭਾਰਤ ਦੇ ਪੱਖ ਵਿੱਚ ਰਿਹਾ।ਦੱਖਣੀ ਅਫਰੀਕਾ ਦਾ ਸੀਨੀਅਰ ਕ੍ਰਮ ਦੂਜੀ ਪਾਰੀ ਵਿੱਚ ਵੀ ਅਸਫਲ ਰਿਹਾ। ਭਾਰਤ ਲਈ ਜਡੇਜਾ ਨੇ 21.2 ਓਵਰਾਂ ਵਿੱਚ 52 ਦੌੜਾਂ ਦੇ ਕੇ ਤਿੰਨ, ਯਾਦਵ ਨੇ ਅੱਠ ਓਵਰਾਂ ਵਿੱਚ 22 ਦੌੜਾਂ ਦੇ ਕੇ ਤਿੰਨ ਅਤੇ ਰਵੀਚੰਦਰਨ ਅਸ਼ਵਿਨ ਨੇ 21 ਓਵਰਾਂ ਵਿੱਚ 45 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਨੂੰ ਇੱਕ-ਇੱਕ ਵਿਕਟ ਮਿਲੀ। ਲੰਚ ਮਗਰੋਂ ਰਵਿੰਦਰ ਜਡੇਜਾ ਨੇ ਕੁਇੰਟਨ ਡੀਕੌਕ (ਪੰਜ ਦੌੜਾਂ) ਅਤੇ ਤੇਂਬਾ ਬਾਵੁਮਾ (38 ਦੌੜਾਂ) ਨੂੰ ਆਊਟ ਕੀਤਾ। ਇਸੇ ਤਰ੍ਹਾਂ ਮੁਹੰਮਦ ਸ਼ਮੀ ਨੇ ਸੇਨੂਰਾਨ ਮੁਥੂਸਾਮੀ (ਨੌਂ ਦੌੜਾਂ) ਨੂੰ ਬਾਹਰ ਦਾ ਰਸਤਾ ਵਿਖਾਇਆ।