April 29, 2026
#ਦੇਸ਼ ਦੁਨੀਆਂ #ਪ੍ਰਮੁੱਖ ਖ਼ਬਰਾਂ

ਕਰਤਾਰਪੁਰ ਲਾਂਘਾ : ਨਹੀਂ ਖੁੱਲ੍ਹੀ ਆਨਲਾਈਨ ਰਜਿਸਟਰੇਸ਼ਨ

ਪਾਕਿਸਤਾਨ ਵੱਲੋਂ ਲਈ ਜਾਣ ਵਾਲੀ 20 ਡਾਲਰ ਫ਼ੀਸ ਬਣੀ ਅੜ੍ਹਿਕਾ

ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣੇ ਕਰਤਾਰਪੁਰ ਲਾਂਘੇ ਲਈ ਆਨਲਾਈਨ ਰਜਿਸਟਰੇਸ਼ਨ ਅੱਜ 20 ਅਕਤੂਬਰ ਤੋਂ ਸ਼ੁਰੂ ਹੋਣ ਦੇ ਐਲਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਤਸੁਕ ਸ਼ਰਧਾਲੂਆਂ ਨੂੰ ਭੰਬਲਭੂਸੇ ‘ਚ ਪਾ ਦਿੱਤਾ ਹੈ। ਨਾ ਹੀ ਇਸ ਬਾਰੇ ਭਾਰਤ ਸਰਕਾਰ ਵੱਲੋਂ ਕੋਈ ਬਾਕਾਇਦਾ ਜਾਣਕਾਰੀ ਦਿੱਤੀ ਗਈ ਕਿ ਇਹ ਆਨ ਲਾਈਨ ਅਰਜ਼ੀਆਂ ਕਿੱਥੇ ਤੇ ਕਿਵੇਂ ਦੇਣੀਆਂ ਹਨ ਅਤੇ ਨਾ ਹੀ ਕੋਈ ਅਜਿਹਾ ਪੋਰਟਲ ਮਿਲਿਆ ਜਿੱਥੇ ਕਿ ਇਹ ਅਰਜ਼ੀਆਂ ਦਾਇਰ ਕੀਤੀਆਂ ਜਾ ਸਕਣ। 20 ਅਕਤੂਬਰ ਦੀ ਇਸ ਮਿਤੀ ਦਾ ਐਲਾਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਅਤੇ ਲੈਂਡ ਪੋਰਟ ਅਥਾਰਿਟੀ ਦੇ ਮੁਖੀ ਗੋਬਿੰਦ ਮੋਹਨ ਵੱਲੋਂ 16 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਅਤੇ ਕਾਰੀਡੋਰ ਦੇ ਦੌਰੇ ਸਮੇਂ ਕੀਤਾ ਸੀ। ਇਸ ਐਲਾਨ ਮੁਤਾਬਿਕ ਅੱਜ ਆਨ ਲਾਈਨ ਅਪਲਾਈ ਕਰਨ ਲਈ ਸ਼ਰਧਾਲੂ ਇੰਟਰਨੈੱਟ ‘ਤੇ ਉਲਝੇ ਰਹੇ। ਇਸ ਲਾਂਘੇ ਵਾਸਤੇ ਰਜਿਸਟਰੇਸ਼ਨ ਲਈ ਕਿਸ ਪੋਰਟਲ ਜਾਂ ਵੈੱਬਸਾਈਟ ‘ਤੇ ਅਪਲਾਈ ਕਰਨਾ ਹੈ, ਇਸ ਬਾਰੇ ਕੋਈ ਸੂਚਨਾ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ।ਇਸ ਲਾਂਘੇ ਵਾਸਤੇ ਪੋਰਟਲ ਦੀ ਜਾਣਕਾਰੀ ਜਾਣ ਦੇ ਚਾਹਵਾਨਾਂ ਤੱਕ ਪਹੁੰਚਾਉਣ ਵਾਸਤੇ ਕੇਂਦਰ ਸਰਕਾਰ ਵੱਲੋਂ ਨਾ ਤਾਂ ਕੋਈ ਇਸ਼ਤਿਹਾਰ ਜਾਰੀ ਕੀਤਾ ਗਿਆ ਤੇ ਨਾ ਹੀ ਕਿਸੇ ਬਿਆਨ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਬਾਬਤ ਪੰਜਾਬ ਸਰਕਾਰ ਦੇ ਉੱਚ ਅਫ਼ਸਰਾਂ ਤੋਂ ਵੀ ਪਤਾ ਕੀਤਾ ਗਿਆ ਪਰ ਰਾਜ ਸਰਕਾਰ ਕੋਲ ਵੀ ਇਸ ਪੋਰਟਲ ਬਾਰੇ ਜਾਂ ਆਨਲਾਈਨ ਅਰਜ਼ੀ ਦੇਣ ਦੀ ਮਿਤੀ ਬਾਰੇ ਕੋਈ ਰਸਮੀ ਅਤੇ ਲਿਖਤੀ ਜਾਣਕਾਰੀ ਖ਼ਬਰ ਲਿਖੇ ਜਾਣ ਤੱਕ ਨਹੀਂ ਸੀ ਪੁੱਜੀ। ਇਹ ਵੀ ਪਤਾ ਲੱਗਾ ਹੈ ਕਿ ਦੋਹਾਂ ਮੁਲਕਾਂ ਵਿਚਕਾਰ ਲਾਂਘੇ ਬਾਰੇ ਅੰਤਿਮ ਸਮਝੌਤੇ ‘ਤੇ ਜੋ ਹਸਤਾਖਰ ਹੋਣੇ ਸਨ ਉਹ ਅਜੇ ਨਹੀਂ ਹੋਏ, ਕਿਉਂਕਿ ਪਾਕਿਸਤਾਨ ਅਜੇ ਵੀ 20 ਡਾਲਰ ਦੀ ਫੀਸ ਲੈਣ ‘ਤੇ ਅੜਿਆ ਹੋਇਆ ਹੈ। ਜਿੰਨਾ ਚਿਰ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਲਿਖਤੀ ਰੂਪ ਵਿੱਚ ਨਹੀਂ ਹੁੰਦਾ ਉਨ੍ਹਾਂ ਚਿਰ ਭਾਰਤ ਸਰਕਾਰ ਲਾਂਘੇ ਲਈ ਤਿਆਰ ਕੀਤਾ ਪੋਰਟ ਜਾਰੀ ਨਹੀਂ ਕਰੇਗੀ ਅਤੇ ਅਰਜ਼ੀਆਂ ਲੈਣ ਦੀ ਤਾਰੀਖ਼ ਦਾ ਅੱਗੇ ਪੈਣਾ ਸੁਭਾਵਿਕ ਹੈ।