April 23, 2026
#ਪ੍ਰਮੁੱਖ ਖ਼ਬਰਾਂ #ਭਾਰਤ

ਭਾਰਤ ਵੱਲੋਂ ਪੀ.ਓ.ਕੇ. ‘ਚ 4 ਅੱਤਵਾਦੀ ਠਿਕਾਣੇ ਤਬਾਹ-5 ਪਾਕਿ ਫੌਜੀ ਹਲਾਕ

ਗੋਲੀਬੰਦੀ ਦੀ ਉਲੰਘਣਾ ਦੌਰਾਨ 2 ਭਾਰਤੀ ਜਵਾਨ ਤੇ ਇੱਕ ਨਾਗਰਿਕ ਸ਼ਹੀਦ

ਸ੍ਰੀਨਗਰ – ਭਾਰਤੀ ਫ਼ੌਜ ਨੇ ਐਤਵਾਰ ਨੂੰ ਸਵੇਰੇ ਮਕਬੂਜ਼ਾ ਕਸ਼ਮੀਰ (ਪੀਓਕੇ) ਅੰਦਰ ਸਥਿਤ ਸ਼ੱਕੀ ਅੱਤਵਾਦੀ ਠਿਕਾਣਿਆਂ ‘ਤੇ ਹਮਲਾ ਕਰਕੇ 4 ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ। ਇਸ ਕਾਰਵਾਈ ਵਿੱਚ 22 ਅੱਤਵਾਦੀਆਂ ਅਤੇ 5 ਪਾਕਿਸਤਾਨੀ ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਫ਼ੌਜ ਨੇ ਪਾਕਿਸਤਾਨ ਦੀ ਤਰਫੋਂ ਤੰਗਧਾਰ ਖੇਤਰ ‘ਚ ਹੋ ਰਹੀ ਹਰਕਤ ਦਾ ਮੂੰਹਤੋੜ ਜਵਾਬ ਦਿੱਤਾ ਹੈ। ਪਾਕਿਸਤਾਨ ਵੱਲੋਂ ਇਸ ਅੱਤਵਾਦੀ ਕੈਂਪਾਂ ‘ਚ ਮੌਜੂਦ ਅੱਤਵਾਦੀਆਂ ਦੀ ਭਾਰਤੀ ਸਰਹੱਦ ‘ਚ ਘੁਸਪੈਠ ਕਰਵਾਉਣ ਦੀ ਤਿਆਰੀ ਚੱਲ ਰਹੀ ਸੀ, ਜਿਸ ਦਾ ਪਤਾ ਲੱਗਣ ‘ਤੇ ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ‘ਚ ਇਹ ਹਮਲਾ ਕੀਤਾ। ਫ਼ੌਜ ਦੀ ਇਸ ਕਾਰਵਾਈ ਵਿੱਚ 4 ਅੱਤਵਾਦੀ ਲਾਂਚ ਪੈਡ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ 5 ਪਾਕਿਸਤਾਨੀ ਜਵਾਨਾਂ ਸਮੇਤ 22 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਹਾਲਾਂਕਿ ਪਾਕਿਸਤਾਨ ਵੱਲੋ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਅੱਜ ਪਹਿਲਾਂ ਜਦੋਂ ਪਾਕਿਸਤਾਨੀ ਫ਼ੌਜਾਂ ਨੇ ਤੰਗਧਾਰ ਇਲਾਕੇ ਉੱਤੇ ਗੋਲੀਬਾਰੀ ਕਰ ਕੇ 2 ਭਾਰਤੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਇੱਕ ਹੋਰ ਭਾਰਤੀ ਨਾਗਰਿਕ ਦੀ ਜਾਨ ਲੈ ਲਈ, ਉਸ ਤੋਂ ਬਾਅਦ ਭਾਰਤੀ ਫ਼ੌਜਾਂ ਹਰਕਤ ‘ਚ ਆਈਆਂ ਅਤੇ ਤੰਗਧਾਰ ਇਲਾਕੇ ਦੇ ਸਾਹਮਣੇ ਮਕਬੂਜ਼ਾ ਕਸ਼ਮੀਰ ਵਿੱਚ ਮੌਜੂਦ ਪਾਕਿਸਤਾਨੀ ਦਹਿਸ਼ਤਗਰਦ ਕੈਂਪਾਂ ਉੱਤੇ ਹਮਲੇ ਬੋਲ ਦਿੱਤੇ ਗਏ। ਭਾਰਤੀ ਫ਼ੌਜਾਂ ਨੇ ਪਾਕਿਸਤਾਨੀ ਕਸ਼ਮੀਰ ਸਥਿਤ ਅੱਤਵਾਦੀ ਟਿਕਾਣੇ ਤਬਾਹ ਕਰਨ ਲਈ ਤੋਪਾਂ ਦੀ ਵਰਤੋਂ ਕੀਤੀ ਹੈ, ਜਿਸ ਵਿੱਚ ਚਾਰ ਪਾਕਿਸਤਾਨੀ ਫ਼ੌਜੀਆਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਦਰਅਸਲ, ਪਾਕਿਸਤਾਨੀ ਫ਼ੌਜ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰਤੀ ਟਿਕਾਣਿਆਂ ਉੱਤੇ ਹਮਲੇ ਬੋਲ ਰਹੀ ਹੈ ਕਿ ਤਾਂ ਜੋ ਉਹ ਬਰਫ਼ਬਾਰੀ ਸ਼ੁਰੂ ਹੋਣ ਤੋਂ ਪਹਿਲਾਂ–ਪਹਿਲਾਂ ਭਾਰਤ ਵਿੱਚ ਆਪਣੇ ਸੂਹੀਏ ਤੇ ਅੱਤਵਾਦੀ ਦਾਖ਼ਲ ਕਰ ਸਕੇ, ਪਰ ਇਸ ਵਾਰ ਚੌਕਸ ਭਾਰਤੀ ਫ਼ੌਜਾਂ ਉਸ ਨੂੰ ਅਜਿਹਾ ਕਰਨ ਨਹੀਂ ਦੇ ਰਹੀਆਂ। ਪੁਲਿਸ ਮੁਤਾਬਕ ਪਾਕਿਸਤਾਨੀ ਗੋਲੀਬਾਰੀ ਕਾਰਨ 3 ਨਾਗਰਿਕ ਜ਼ਖ਼ਮੀ ਹੋਏ ਹਨ ਤੇ 2 ਮਕਾਨ ਵੀ ਤਬਾਹ ਹੋ ਗਏ ਹਨ। ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਦੇ ਪਾਰ ਭਾਰਤੀ ਟਿਕਾਣਿਆਂ ਉੱਤੇ ਗੋਲੀਬਾਰੀ ਕਰਨਾ ਆਮ ਗੱਲ ਹੈ। ਉਹ ਅਕਸਰ ਗੋਲੀਬੰਦੀ ਦੀ ਉਲੰਘਣਾ ਕਰਦਾ ਹੀ ਰਹਿੰਦਾ ਹੈ। ਭਾਰਤੀ ਫ਼ੌਜਾਂ ਵੱਲੋਂ ਉਸ ਗੋਲੀਬਾਰੀ ਦਾ ਵਾਜਬ ਜਵਾਬ ਵੀ ਦਿੱਤਾ ਜਾਂਦਾ ਹੈ। ਇਸੇ ਗੋਲੀਬਾਰੀ ਦੀ ਆੜ ਹੇਠ ਪਾਕਿਸਤਾਨ ‘ਚੋਂ ਵੱਡੀ ਗਿਣਤੀ ਵਿੱਚ ਘੁਸਪੈਠੀਏ ਵੀ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਣ ਦਾ ਯਤਨ ਕਰਦੇ ਰਹਿੰਦੇ ਹਨ। ਅੱਜ ਦੀ ਤਾਜ਼ਾ ਗੋਲੀਬਾਰੀ ਵੀ ਭਾਰਤ ‘ਚ ਅੱਤਵਾਦੀਆਂ ਤੇ ਜਾਸੂਸਾਂ ਦੀ ਘੁਸਪੈਠ ਕਰਵਾਉਣ ਲਈ ਕੀਤੀ ਗਈ ਜਾਪਦੀ ਹੈ। ਦਰਅਸਲ, ਹੁਣ ਪਾਕਿਸਤਾਨ ਨੂੰ ਕਾਹਲੀ ਪਈ ਹੋਈ ਹੈ ਕਿਉਂਕਿ ਕੁਝ ਹੀ ਸਮੇਂ ਬਾਅਦ ਕਸ਼ਮੀਰ ਵਾਦੀ ਵਿੱਚ ਬਰਫ਼ਬਾਰੀ ਸ਼ੁਰੂ ਹੋ ਜਾਵੇਗੀ, ਤਦ ਘੁਸਪੈਠ ਔਖੀ ਨਹੀਂ, ਸਗੋਂ ਨਾਮੁਮਕਿਨ ਹੋ ਜਾਵੇਗੀ। ਇਹੋ ਕਾਰਨ ਹੈ ਕਿ ਹੁਣ ਪਾਕਿਸਤਾਨ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੌਮਾਂਤਰੀ ਸਰਹੱਦ ਉੱਤੇ ਗੋਲੀਬੰਦੀ ਦੀ ਉਲੰਘਣਾ ਕਰਦਾ ਰਿਹਾ ਹੈ।