ਪੁਲਿਸ ਨੇ ਬਿਸ਼ਨੌਈ ਗੈਂਗ ਦੇ ਗੈਂਗਸਟਰ ਸ਼ੁਭਮ ਪਰਜਾਪਤ ਸਮੇਤ ਪੰਜ ਨੂੰ ਕੀਤਾ ਕਾਬੂ
ਚੰਡੀਗੜ੍ਹ ਦੇ ਬੂੜੈਲ ‘ਚ ਗੈਂਗਵਾਰ ਦੌਰਾਨ ਕੀਤਾ ਸੀ ਸੋਨੂੰ ਸ਼ਾਹ ਦਾ ਕਤਲ
ਖੰਨਾ – ਖੰਨਾ ਪੁਲਸ ਨੇ ਵੱਖ-ਵੱਖ ਸੂਬਿਆਂ ‘ਚ ਕਤਲੋਗਾਰਦ ਦੇ ਮਾਮਲਿਆਂ ‘ਚ ਲੋੜੀਂਦੇ ਤੇ ਬਿਸ਼ਨੋਈ ਗਿਰੋਹ ਦੇ ਸਰਗਰਮ ਗੈਂਗਸਟਰ ਸ਼ੁਭਮ ਪਰਜਾਪਤ ਉਰਫ਼ ਬਿਗਨੀ, ਉਸਦੀ ਪ੍ਰੇਮਿਕਾ ਅਤੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਇਕ ਪਿਸਤੌਲ .315 ਬੋਰ ਸਮੇਤ 4 ਜਿੰਦਾ ਕਾਰਤੂਸ, ਇਕ ਰਿਵਾਲਵਰ.38 ਬੋਰ ਸਮੇਤ 4 ਜਿੰਦਾ ਕਾਰਤੂਸ, ਇਕ.12 ਬੋਰ ਡਬਲ ਬੈਰਲ ਗੰਨ ਸਮੇਤ 4 ਜਿੰਦਾ ਕਾਰਤੂਸ, ਇਕ ਦਾਹ (ਲੋਹਾ), 06 ਮੋਟਰ ਸਾਈਕਲ ਅਤੇ ਇਕ ਟਰੈਕਟਰ ਟਰਾਲੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਪੁਲਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਸ ਵਲੋਂ ਚੋਰੀਆਂ, ਲੁੱਟਾਂ-ਖੋਹਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਐਸ. ਪੀ. (ਆਈ.) ਜਗਵਿੰਦਰ ਸਿੰਘ ਚੀਮਾ, ਡੀ. ਐਸ. ਪੀ. (ਆਈ) ਖੰਨਾ ਤਰਲੋਚਨ ਸਿੰਘ, ਡੀ. ਐਸ. ਪੀ. ਸਬ ਡਵੀਜ਼ਨ ਖੰਨਾ ਰਾਜਨਪਰਮਿੰਦਰ ਸਿੰਘ, ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸ. ਗੁਰਮੇਲ ਸਿੰਘ, ਥਾਣਾ ਸਿਟੀ ਖੰਨਾ 02 ਦੇ ਐਸ. ਐਚ. ਓ. ਇੰਸ. ਵਿਨੋਦ ਕੁਮਾਰ ਦੀ ਨਿਗਰਾਨੀ ਹੇਠਾਂ ਸਹਾਇਕ ਥਾਣੇਦਾਰ ਜਗਦੀਪ ਸਿੰਘ ਸਮੇਤ ਪੁਲਸ ਪਾਰਟੀ ਅਮਲੋਹ ਰੋਡ ਖੰਨਾ ਵਿਖੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਸ਼ੁਭਮ ਪਰਜਾਪਤ ਉਰਫ ਬਿਗਨੀ ਪੁੱਤਰ ਰਾਮ ਨਿਵਾਸ ਵਾਸੀ ਪਿੰਡ ਮੁਗਲਾਪੁਰਾ ਥਾਣਾ ਓਕਲਾਣਾ ਮੰਡੀ, ਜਿਲ੍ਹਾ ਹਿਸਾਰ (ਹਰਿਆਣਾ), ਰਜਿੰਦਰ ਸਿੰਘ ਉਰਫ ਆਸ਼ੂ ਪੁੱਤਰ ਰਣਜੋਧ ਸਿੰਘ ਵਾਸੀ ਇਕੋਲਾਹੀ, ਹਾਲ ਕਿਰਾਏਦਾਰ ਬਾਬਾ ਬਾਲਕ ਨਾਥ ਕਾਲੋਨੀ ਅਮਲੋਹ ਰੋਡ ਖੰਨਾ, ਰਣਜੀਤ ਸਿੰਘ ਉਰਫ ਲਵਲੀ ਪੁੱਤਰ ਚਮਕੌਰ ਸਿੰਘ ਵਾਸੀ ਤੁਰਮਰੀ, ਗੁਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਇਕੋਲਾਹੀ, ਅੰਜੂ ਬਾਲਾ ਉਰਫ ਅੰਜੂ ਪੁੱਤਰੀ ਭੀਮ ਸਿੰਘ ਵਾਸੀ ਨੇੜੇ ਹਨੂੰਮਾਨ ਮੰਦਰ ਪਿੰਡ ਧੰਜਰ, ਜ਼ਿਲ੍ਹਾ ਫਤਿਆਬਾਦ (ਹਰਿਆਣਾ) ਜਿਹੜੇ ਮਿਲਕੇ ਸਰਹਿੰਦ, ਗੋਬਿੰਦਗੜ੍ਹ, ਖੰਨਾ ਅਤੇ ਦੋਰਾਹਾ ਦੇ ਇਲਾਕਾ ਵਿਚ ਮੋਟਰਸਾਈਕਲਾਂ ਦੀਆਂ ਚੋਰੀਆ, ਲੁੱਟਾਂ-ਖੋਹਾਂ ਵਰਗੇ ਜੁਰਮਾਂ ਦੀਆ ਵਾਰਦਾਤਾਂ ਨੁੰ ਅੰਜਾਮ ਦਿੰਦੇ ਹਨ ਅਤੇ ਜਿਨ੍ਹਾਂ ਕੋਲ ਨਜ਼ਾਇਜ ਹੱਥਿਆਰ (ਅਸਲਾ) ਵੀ ਹਨ। ਜਿਹੜੇ ਅੱਜ ਵੀ ਚੋਰੀਸ਼ੁਦਾ ਮੋਟਰ ਸਾਇਕਲਾਂ ‘ਤੇ ਭਾਰੀ ਮਾਤਰਾ ਵਿਚ ਮਾਰੂ ਹੱਥਿਆਰਾਂ ਨਾਲ ਲੈਸ ਹੋ ਕੇ ਮੈਕਡੋਨਲਡ ਹੋਟਲ ਜੀ. ਟੀ. ਰੋਡ ਖੰਨਾ ਨੇੜੇ ਬੇ-ਅਬਾਦ ਥਾਂ ਵਿਚ ਇੱਕਠੇ ਹੋ ਕੇ ਖੰਨਾ ਸ਼ਹਿਰ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ। ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਸਾਰੇ ਜਣੇ ਚੋਰੀਸ਼ੁਦਾ ਵਹੀਕਲ ਅਤੇ ਭਾਰੀ ਅਸਲੇ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਪਾਰਟੀ ਵਲੋਂ ਮੌਕਾ ਤੇ ਰੇਡ ਕਰਕੇ ਉਕਤ ਦੋਸ਼ੀਆਨ ਨੂੰ ਕਾਬੂ ਕਰਕੇ, ਸੁਭਮ ਪਰਜਾਪਤ ਉਰਫ਼ ਬਿਗਨੀ ਦੇ ਕਬਜ਼ੇ ਵਿਚੋਂ ਇਕ .38 ਬੋਰ ਰਿਵਾਲਵਰ ਸਮੇਤ 5 ਜਿੰਦਾ ਕਾਰਤੂਸ, ਗੁਰਜੀਤ ਸਿੰਘ ਵਾਸੀ ਇਕੋਲਾਹੀ ਦੇ ਕਬਜ਼ੇ ਵਿਚੋਂ ਇਕ .315 ਬੋਰ ਪਿਸਤੌਲ ਸਮੇਤ 4 ਜਿੰਦਾ ਕਾਰਤੂਸ, ਰਜਿੰਦਰ ਸਿੰਘ ਉਰਫ ਆਸ਼ੂ ਵਾਸੀ ਇਕੋਲਾਹੀ ਹਾਲ ਵਾਸੀ ਖੰਨਾ ਦੇ ਕਬਜ਼ੇ ਵਿਚੋਂ ਇਕ .12ਬੋਰ ਡਬਲ ਬੈਰਲ ਗੰਨ ਸਮੇਤ 5 ਜਿੰਦਾ ਕਾਰਤੂਸ, ਰਣਜੀਤ ਸਿੰਘ ਉਰਫ ਲਵਲੀ ਵਾਸੀ ਤੁਰਮਰੀ ਦੇ ਕਬਜ਼ੇ ਵਿਚੋਂ ਇਕ ਦਾਹ (ਲੋਹਾ) ਅਤੇ ਇਨ੍ਹਾਂ ਕੋਲੋਂ 2 ਮੋਟਰਸਾਈਕਲ ਮੌਕੇ ਤੋਂ ਚੋਰੀਸ਼ੁਦਾ ਬਰਾਮਦ ਕੀਤੇ। ਜਿਸ ਸਬੰਧੀ ਉਕਤ ਵਿਅਕਤੀਆਂ ਖਿਲਾਫ ਐਫ਼. ਆਈ. ਆਰ. ਨੰਬਰ 207, ਅ/ਧ 399/402/379 ਭ/ਦ 25/54/59 ਅਸਲਾ ਐਕਟ ਥਾਣਾ ਸਿਟੀ-2 ਖੰਨਾ ਦਰਜ਼ ਰਜਿਸਟਰ ਕੀਤਾ ਗਿਆ। ਐਸ. ਐਸ. ਪੀ. ਗਰੇਵਾਲ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਮੰਨ੍ਹਿਆ ਕਿ ਉਨ੍ਹਾਂ ਵਲੋਂ 04 ਹੋਰ ਮੋਟਰਸਾਈਕਲ ਅਤੇ ਇਕ ਟਰੈਕਟਰ-ਟਰਾਲੀ ਵੱਖ-ਵੱਖ ਜਗ੍ਹਾਂ ਤੋਂ ਚੋਰੀ ਕੀਤੇ ਹਨ, ਵੀ ਬ੍ਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਮੁਢਲੀ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੁਭਮ ਪਰਜਾਪਤ ਉਰਫ ਬਿਗਨੀ ਜੋ ਦੌੜ (ਰੇਸ) ਅਤੇ ਸ਼ਾਰਟਪੁੱਟ ਦਾ ਨੈਸ਼ਨਲ ਚੈਂਪੀਅਨ ਵੀ ਰਹਿ ਚੁੱਕਾ ਹੈ, ਉਸ ਖਿਲਾਫ ਕਤਲ ਅਤੇ ਲੁੱਟਾਂ-ਖੋਹਾਂ ਦੇ ਕਰੀਬ 17-18 ਮੁੱਕਦਮਾਤ ਵੱਖ-ਵੱਖ ਥਾਣਾ ਵਿਚ ਦਰਜ ਹਨ, ਜਿਨ੍ਹਾਂ ਵਿਚੋਂ ਕਈ ਮੁਕੱਦਮਿਆ ਵਿਚ ਉਕਤ ਸ਼ੁਭਮ ਭਗੌੜਾ ਵੀ ਚਲਿਆ ਆ ਰਿਹਾ ਹੈ। ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿਚ ਜਦੋਂ ਸ਼ੁਭਮ ਜੇਲ੍ਹ ਵਿਚ ਬੰਦ ਸੀ, ਤਾਂ ਉਥੇ ਉਸਦੀ ਮੁਲਾਕਾਤ ਲਾਰੈਂਸ ਬਿਸ਼ਨੋਈ (ਜੋ ਹੁਣ ਰਾਜਸਥਾਨ ਜੇਲ੍ਹ ਵਿਚ ਬੰਦ ਹੈ) ਨਾਲ ਹੋਈ। ਜਿਸਦੇ ਨਾਲ ਸ਼ੁਭਮ ਦੇ ਵਧੀਆ ਸਬੰਧ ਬਣ ਗਏ ਸਨ ਅਤੇ ਜੇਲ੍ਹ ਵਿਚ ਇਹਨਾਂ ਦਾ ਕਾਫੀ ਆਪਸ ਵਿਚ ਮੇਲ-ਮਿਲਾਪ ਸੀ। ਸ਼ੁਭਮ ਪਰਜਾਪਤ ਉਰਫ ਬਿਗਨੀ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਇਸ ਦੇ ਸਬੰਧ ਕਈ ਨਾਮੀ ਗੈਂਗਸਟਰ ਮੋਹਿਤ ਮੈਂਟਲ, ਕਾਲਾ ਰਾਣਾ, ਰਾਜੂ ਬਿਸੋਦੀਆ, ਰਾਜਨ ਅੰਬਾਲਾ ਨਾਲ ਬਣ ਗਏ ਸਨ।ਜਿਹਨਾਂ ਨਾਲ ਮਿਲਕੇ ਇਸਨੇ ਕਤਲਾਂ, ਲੁੱਟਾਂ-ਖੋਹਾਂ ਅਤੇ ਡਾਕੇ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ।






