April 23, 2026
#ਭਾਰਤ

ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਜ਼ਿੰਮੇਵਾਰ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਪ੍ਰਦੂਸ਼ਣ ਤੇ ਸਿਆਸਤ ਤੇਜ਼ ਹੋ ਗਈ ਹੈ| ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਇੱਕ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਮਾਸਕ ਵੰਡੇ| ਮਾਸਕ ਵੰਡਣ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰੋਗਰਾਮ ਵਿੱਚ ਸੰਬੋਧਨ ਦੌਰਾਨ ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ| ਕੇਜਰੀਵਾਲ ਨੇ ਕਿ.ਹਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਸੜ ਰਹੀ ਪਰਾਲੀ ਕਾਰਨ ਦਿੱਲੀ ਵਿੱਚ ਪ੍ਰਦੂਸ਼ਣ ਵੱਧ ਗਿਆ ਹੈ| ਮੁੱਖ ਮੰਤਰੀ ਕੇਜਰੀਵਾਲ ਨੇ ਸਾਰੇ ਬੱਚਿਆਂ ਨੂੰ ਮਿਲ ਕੇ ਖੱਟੜ-ਕੈਪਟਨ ਅੰਕਲ ਨੂੰ ਚਿੱਠੀ ਰਾਹੀਂ ਬੇਨਤੀ ਕਰਨ ਲਈ ਕਿਹਾ ਹੈ ਕਿ ਉਹ ਪਰਾਲੀ ਸਾੜਨਾ ਬੰਦ ਕਰਨ ਅਤੇ ਸਾਡੀ ਸਿਹਤ ਦਾ ਧਿਆਨ ਰੱਖਣ| ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਪਿਛਲੇ 5 ਸਾਲਾ ਵਿੱਚ ਅਸੀਂ ਪ੍ਰਦੂਸ਼ਣ ਬਹੁਤ ਘੱਟ ਕੀਤਾ ਸੀ| ਮਾਰਚ ਤੋਂ 10 ਅਕਤੂਬਰ ਤੱਕ ਦਿੱਲੀ ਦਾ ਆਸਮਾਨ ਸਾਫ ਦਿਖ ਰਿਹਾ ਸੀ| ਦਿੱਲੀ ਵਿੱਚ 6 ਲੱਖ ਜਨਰੇਟਰ ਚੱਲਦੇ ਸੀ| ਅਸੀਂ ਉਨ੍ਹਾਂ ਨੂੰ ਬੰਦ ਕਰ ਦਿੱਤਾ| ਹਜ਼ਾਰਾਂ ਟਰੱਕਾਂ ਨੂੰ ਦਿੱਲੀ ਦੇ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ| ਹਜ਼ਾਰਾਂ ਰੁੱਖ ਲਗਾਏ, ਜਿਸ ਕਾਰਨ ਪ੍ਰਦੂਸ਼ਣ ਘੱਟ ਹੋਇਆ ਸੀ| ਦੱਸਣਯੋਗ ਹੈ ਕਿ ਪ੍ਰਦੂਸ਼ਣ ਦੇ ਮੁੱਦੇ ਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਦਿੱਲੀ ਵਿੱਚ ਪੰਜਾਬ ਭਵਨ ਅਤੇ ਹਰਿਆਣਾ ਭਵਨ ਦੇ ਬਾਹਰ ਪ੍ਰਦਰਸ਼ਨ ਕੀਤੇ ਸਨ|