April 23, 2026

ਅਣ-ਪਛਾਤੇ ਇਨੋਵਾ ਸਵਾਰਾਂ ਨੇ 3 ਕਾਰ ਸਵਾਰਾਂ ਦੀ ਬੇਰਹਿਮੀ ਨਾਲ ਕੀਤੀ ਕੁੱਟ ਮਾਰ

ਮੋਰਿੰਡਾ – ਸਥਾਨਕ ਮੋਰਿੰਡਾ-ਰੂਪਨਗਰ ਮਾਰਗ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੋਲ ਬਣ ਗਿਆ ਜਦੋਂ ਕਾਰ ਸਵਾਰ 3 ਨੋਜਵਾਨਾ ਨੂੰ ਘੇਰ ਕੇ ਕੁਝ ਵਿਅਕਤੀਆਂ ਨੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁਝ ਪਲ ਵਿੱਚ ਹੀ ਸੜ੍ਹਕ ‘ਤੇ ਜਾਮ ਵਰਗੀ ਸਥਿੱਤੀ ਬਣ ਗਈ ਅਤੇ ਨਜ਼ਦੀਕੀ ਦੁਕਾਨਦਾਰ ਅਤੇ ਰਾਹਗੀਰ ਪੁਲਿਸ ਨੂੰ ਸੂਚਿਤ ਕਰਨ ਦੀ ਬਜਾਏ ਤਿੰਨੇ ਵਿਅਕਤੀਆਂ ਦੀ ਸ਼ਰੇਆਮ ਹੁੰਦੀ ਕੁੱਟਮਾਰ ਨੂੰ ਦੇਖਦੇ ਰਹੇ ਅਤੇ ਵੀਡੀਓ ਬਣਾਉਂਦੇ ਰਹੇ। ਸਰਕਾਰੀ ਹਸਪਤਾਲ ਮੋਰਿੰਡਾ ‘ਚ ਜ਼ੇਰੇ ਇਲਾਜ਼ ਅਵਤਾਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਮੋਹਣਮਾਜਰਾ ਥਾਣਾ ਕਾਠਗੜ੍ਹ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ ਮਹੀਨਾਂ ਪਹਿਲਾਂ ਅਸੀਂ ਅਪਣੇ ਟਰੱਕ ‘ਤੇ ਰਾਜ ਕੁਮਾਰ ਨਾਮਕ ਵਿਅਕਤੀ ਨੂੰ ਬਤੌਰ ਡਰਾਇਵਰ ਰੱਖਿਆ ਸੀ। ਜੋ ਪਿੱਛਲੇ 15-20 ਦਿਨ ਪਹਿਲਾਂ ਟਰੱਕ ਭਰ ਕੇ ਲਦਾਖ ਲਈ ਰਵਾਨਾ ਹੋਇਆ ਸੀ, ਪ੍ਰੰਤੂ ਉਸ ਦਿਨ ਤੋਂ ਬਾਅਦ ਉਸਦਾ ਕੋਈ ਥਹੁ ਪਤਾ ਨਹੀ ਲੱਗਿਆ। ਅਸੀਂ ਉਸਦੀ ਭਾਲ ਕਰਨ ਲਈ ਕਸ਼ਮੀਰ ਅਤੇ ਲੱਦਾਖ ਤੱਕ ਵੀ ਪਹੁੰਚ ਕੀਤੀ ਪ੍ਰੰਤੂ ਉਸਦਾ ਕੁਝ ਪਤਾ ਨਾ ਲੱਗਾ। ਉਸ ਦੱਸਿਆ ਕਿ ਸਾਨੂੰ ਕਿਸੇ ਜਾਣਕਾਰ ਵਿਅਕਤੀ ਤੋਂ ਪਤਾ ਲੱਗਾ ਕਿ ਤੁਆਡਾ ਟਰੱਕ ਪੀ. ਬੀ 08 ਡੀ. ਐਸ 2289 ਸੇਬਾਂ ਨਾਲ ਭਰਿਆ ਹੋਇਆ ਲੁਧਿਆਣੇ ਖੜਾ ਹੈ ਅਸੀਂ ਤੁਰੰਤ ਹੀ ਉਸ ਵਿਅਕਤੀ ਦੇ ਦੱਸੇ ਅਨੁਸਾਰ ਜਦੋ ਲੁਧਿਆਣਾ ਪਹੁੰਚੇ ਤਾਂ ਡਰਾਇਵਰ ਟਰੱਕ ਸਮੇਤ ਉੱਥੋਂ ਜਾ ਚੁੱਕਾ ਸੀ। ਅਸੀ ਪੁੱਛ ਪੜ੍ਹਤਾਲ ਕਰਕੇ ਜਦੋਂ ਟਰੱਕ ਦਾ ਪਿੱਛਾ ਕੀਤਾ ਤਾਂ ਭਵਾਨੀਗੜ੍ਹ ਨਜ਼ਦੀਕ ਟਰੱਕ ਨੂੰ ਘੇਰ ਲਿਆ। ਉਸ ਦੱਸਿਆ ਕਿ ਟਰੱਕ ਅਪਣੇ ਚਾਚੇ ਦੇ ਲੜ੍ਹਕੇ ਨੂੰ ਫੜਾ ਕੇ ਅਸੀਂ ਡਰਾਇਵਰ ਨੂੰ ਅਪਣੇ ਨਾਲ ਲੈ ਕੇ ਅਪਣੀ ਸਵਿਫਟ ਕਾਰ ਨੰਬਰ ਪੀ. ਬੀ 20 ਸੀ 4389 ਵਿੱਚ ਪਿੰਡ ਵੱਲ ਨੂੰ ਚੱਲ ਪਏ। ਪ੍ਰੰਤੂ ਜਦੋਂ ਅਸੀਂ ਸਰਹਿੰਦ ਨਜ਼ਦੀਕ ਪਹੁੰਚੇ ਤਾਂ ਸਾਨੂੰ ਸ਼ੱਕ ਹੋਇਆ ਕਿ ਇੱਕ ਇਨੋਵਾ ਗੱਡੀ ਵਿੱਚ ਸਵਾਰ ਕੁਝ ਨੋਜਵਾਨ ਸਾਡਾ ਪਿੱਛਾ ਕਰ ਰਹੇ ਹਨ। ਅਸੀਂ ਚੁਸਤੀ ਨਾਲ ਅੱਗੇ ਅੱਗੇ ਆਉਂਦੇ ਰਹੇ ਉਹ ਸਾਡੀ ਗੱਡੀ ਦਾ ਪਿੱਛਾ ਕਰਦੇ ਰਹੇ ਜਦੋਂ ਅਸੀ ਮੋਰਿੰਡਾ-ਰੂਪਨਗਰ ਮਾਰਗ ‘ਤੇ ਖ਼ੰਡ ਮਿੱਲ ਨਜ਼ਦੀਕ ਪਹੁੰਚੇ ਤਾਂ ਉਕਤ ਇਨੋਵਾ ਸਵਾਰ ਅਣਪਛਾਤੇ ਵਿਅਕਤੀਆਂ ਨੇ ਸਾਡੀ ਗੱਡੀ ਨੂੰ ਘੇਰ ਲਿਆ ਅਤੇ ਕਾਰ ਦੀ ਭੰਨਤੋੜ ਕਰਕੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਰਕਾਰੀ ਹਸਪਤਾਲ ਮੋਰਿੰਡਾ ਵਿੱਚ ਜ਼ੇਰੇ ਇਲਾਜ਼ ਅਵਤਾਰ ਸਿੰਘ ਨੇ ਦੱਸਿਆ ਕਿ ਮੇਰੇ ਸਮੇਤ ਮੇਰੇ ਸਾਥੀ ਪਰਮਾਨੰਦ ਪੁੱਤਰ ਦੀਵਾਨ ਚੰਦ ਵਾਸੀ ਆਦੋਆਣਾ (ਬਲਾਚੋਰ), ਦਵਿੰਦਰਪਾਲ ਪੁੱਤਰ ਮਲਕੀਤ ਸਿੰਘ ਵਾਸੀ ਨਿੱਘੀ ਥਾਣਾ ਕਾਠਗੜ ਗੰਭੀਰ ਜਖ਼ਮੀ ਹੋ ਗਏ। ਸਾਨੂੰ ਸਥਾਨਕ ਲੋਕਾਂ ਵੱਲੋਂ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਜਦੋਂ ਇੰਸਪੈਕਟਰ ਸੁਨੀਲ ਕੁਮਾਰ ਥਾਣਾ ਮੀ ਸਿਟੀ ਪੁਲਿਸ ਮੋਰਿੰਡਾ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਪੀੜ੍ਹਤ ਨੋਜਵਾਨਾਂ ਦੇ ਬਿਆਨ ਦਰਜ ਕੀਤੇ ਗਏ ਹਨ ਜਿਸਦੇ ਅਨੁਸਾਰ ਕਥਿਤ ਦੋਸ਼ੀਆਂ ਵਿੱਰੁਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।