ਦਿੱਲੀ ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਚੋਣ ਕਮਿਸ਼ਨ ਨੇ ਕੀਤੀ ਸਮੀਖਿਆ
ਚੋਣ ਕਮਿਸ਼ਨ ਨੇ ਦਿੱਲੀ ‘ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਲੈਣ ਲਈ ਸੂਬਾ ਚੋਣ ਕਮਿਸ਼ਨ ਦਫਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੋਟਰ ਲਿਸਟਾਂ ਦਾ ਅਧਿਐਨ ਕਰਨ ਸਮੇਤ ਕਈ ਹੋਰ ਕੰਮਾਂ ਦੀ ਸਮੀਖਿਆ ਕੀਤੀ। ਕਮਿਸ਼ਨ ਦੇ ਅਧਿਕਾਰਤ ਮਾਹਿਰਾਂ ਨੇ ਦੱਸਿਆ ਹੈ ਕਿ ਦਿੱਲੀ ਚੋਣ ਕਮਿਸ਼ਨ ਦਫਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਸੋਮਵਾਰ ਨੂੰ ਹੋਈ ਬੈਠਕ ‘ਚ ਵੋਟਰਾਂ ਦੀਆਂ ਲਿਸਟਾਂ ‘ਚ ਨਵੇਂ ਵੋਟਰਾਂ ਦੇ ਨਾਂ ਸ਼ਾਮਲ ਕਰਵਾਉਣ ਅਤੇ ਸੋਧ ਆਦਿ ਕੰਮਾਂ ਨੂੰ ਸਮੇਂ ‘ਤੇ ਪੂਰਾ ਕੀਤੇ ਜਾਣ ਦੀ ਸਮੀਖਿਆ ਕੀਤੀ ਹੈ।ਸੀਨੀਅਰ ਡਿਪਟੀ ਚੋਣ ਕਮਿਸ਼ਨਰ ਸੰਦੀਪ ਸਕਸੇਨਾ ਦੀ ਪ੍ਰਧਾਨਗੀ ‘ਚ ਹੋਈ ਬੈਠਕ ਦੌਰਾਨ ਚੋਣ ਖਰਚ, ਮੀਡੀਆ ਅਤੇ ਹੋਰ ਵਿਸ਼ਿਆਂ ਨਾਲ ਸੰਬੰਧਿਤ ਕਮਿਸ਼ਨ ਦੇ ਡਾਇਰੈਕਟਰ ਜਨਰਲ ਤੋਂ ਇਲਾਵਾ ਦਿੱਲੀ ਦੇ ਮੁੱਖ ਚੋਣ ਅਧਿਕਾਰੀ, ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ ਅਤੇ ਸਥਾਨਿਕ ਸੰਸਥਾਵਾਂ ਸਮੇਤ ਹੋਰ ਸੰਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਦਿੱਲੀ ਦੇ ਇੱਕ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਬੈਠਕ ‘ਚ ਸਾਰੇ ਵਿਭਾਗਾਂ ਨੂੰ ਸੁਤੰਤਰ ਅਤੇ ਨਿਰਪੱਖ ਚੋਣਾਂ ਸੰਪੰਨ ਕਰਵਾਉਣ ਲਈ ਉਚਿਤ ਕਾਰਵਾਈ ਬਣਾ ਕੇ ਇਸ ਦਿਸ਼ਾ ‘ਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਿੰਮੇਵਾਰੀਆਂ ਨਿਭਾਉਣ ਲਈ ਗੰਭੀਰਤਾ ਨਾਲ ਸਿਖਲਾਈ ਦੇਣ ਲਈ ਕਿਹਾ ਹੈ।ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 22 ਫਰਵਰੀ ਨੂੰ ਪੂਰਾ ਹੋ ਰਿਹਾ ਹੈ। ਇਸ ਲਈ ਅਗਲੇ 2 ਮਹੀਨਿਆਂ ‘ਚ ਚੋਣ ਤਿਆਰੀਆਂ ਨੂੰ ਮੁਕੰਮਲ ਕਰ ਕੇ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਉਦੇਸ਼ ਹੈ। ਕਮਿਸ਼ਨਰ ਨੇ ਦਿੱਲੀ ਦੇ ਅਧਿਕਾਰੀਆਂ ਨੂੰ ਨਵੇਂ ਵੋਟਰਾਂ ਨੂੰ ਜਿਆਦਾ ਤੋਂ ਜਿਆਦਾ ਗਿਣਤੀ ‘ਚ ਵੋਟਰ ਲਿਸਟਾਂ ‘ਚ ਆਪਣਾ ਨਾਂ ਦਰਜ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਉਣ ਅਤੇ ਵੋਟਰ ਬਣਨ ਦੀ ਪ੍ਰਕਿਰਿਆ ਦਾ ਆਸਾਨ ਅਤੇ ਸਹੂਲਤਪੂਰਵਕ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਸੋਧੀ ਹੋਈ ਵੋਟਰ ਲਿਸਟ ਦੇ ਫਾਰਮੈਟ ਦਾ ਪ੍ਰਕਾਸ਼ਨ 15 ਨਵੰਬਰ ਨੂੰ ਕੀਤਾ ਜਾਣਾ ਹੈ।






