April 28, 2026
#ਖੇਡਾਂ

ਤੇਜਸਵਿਨੀ ਨੇ ਭਾਰਤ ਨੂੰ 12ਵਾਂ ਓਲੰਪਿਕ ਕੋਟਾ ਦਿਵਾਇਆ

ਮਾਹਿਰ ਨਿਸ਼ਾਨਚੀ ਤੇਜਸਵਿਨੀ ਸਾਵੰਤ ਨੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ 12ਵਾਂ ਓਲੰਪਿਕ ਕੋਟਾ ਦਿਵਾਇਆ, ਪਰ ਉਹ ਅੱੱਜ ਇੱਥੇ 14ਵੀਂ ਏਸ਼ਿਆਈ ਚੈਂਪੀਅਨਸ਼ਿਪ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੁਕਾਬਲੇ ਵਿੱਚ ਤਗ਼ਮਾ ਹਾਸਲ ਕਰਨ ਤੋਂ ਖੁੰਝ ਗਈ। ਅੱਠ ਫਾਈਨਲਿਸਟਾਂ ਵਿੱਚੋਂ ਪੰਜ ਪਹਿਲਾਂ ਹੀ ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੀ ਓਲੰਪਿਕ ਲਈ ਟਿਕਟ ਹਾਸਲ ਕਰ ਚੁੱਕੇ ਸਨ, ਜਿਸ ਕਾਰਨ ਭਾਰਤ ਨੇ ਤਿੰਨ ਉਪਲੱਬਧ ਕੋਟਿਆ ਵਿੱਚੋਂ ਇੱਕ ਆਪਣੇ ਨਾਮ ਕੀਤਾ। ਤੇਜਸਵਿਨੀ (39 ਸਾਲ) ਕੁਆਲੀਫਿਕੇਸ਼ਨ ਗੇੜ ਦੌਰਾਨ 1171 ਅੰਕ ਦੇ ਸਕੋਰ ਨਾਲ ਪੰਜਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਪਹੁੰਚੀ। ਫਾਈਨਲ ਵਿੱਚ ਉਹ 435.8 ਅੰਕ ਦਾ ਸਕੋਰ ਬਣਾ ਕੇ ਚੌਥੇ ਸਥਾਨ ’ਤੇ ਰਹੀ। ਜੇਕਰ ਉਸ ਨੂੰ ਅਗਲੇ ਸਾਲ ਟੋਕੀਓ ਟੂਰਨਾਮੈਂਟ ਦੀ ਟੀਮ ਵਿੱਚ ਚੁਣਿਆ ਜਾਂਦਾ ਹੈ ਤਾਂ ਇਹ ਉਸ ਦਾ ਪਹਿਲਾ ਓਲੰਪਿਕ ਹੋਵੇਗਾ। ਉਹ ਇਸ ਤੋਂ ਪਹਿਲਾਂ ਤਿੰਨ ਵਾਰ (2008, 2012 ਅਤੇ 2016) ਟੀਮ ਵਿੱਚ ਥਾਂ ਬਣਾਉਣ ਤੋਂ ਖੁੰਝ ਚੁੱਕੀ ਹੈ। ਭਾਰਤ ਨੇ ਹਾਲਾਂਕਿ ਅੱਜ ਸਾਰੇ ਮੁਕਾਬਲਿਆਂ ਵਿੱਚ ਨੌਂ ਤਗ਼ਮੇ ਜਿੱਤੇ, ਜਿਸ ਵਿੱਚ ਤਿੰਨ ਸੋਨ ਤਗ਼ਮੇ ਸ਼ਾਮਲ ਹਨ। ਤੇਜਸਵਿਨੀ ਵਿਅਕਤੀਗਤ ਤਗ਼ਮਾ ਨਹੀਂ ਜਿੱਤ ਸਕੀ, ਪਰ ਉਸ ਨੇ ਕਾਜਲ ਸੈਣੀ ਅਤੇ ਗਾਇਤਰੀ ਨਿਤਿਆਨੰਦਮ ਨਾਲ ਮਿਲ ਕੇ ਟੀਮ ਵਜੋਂ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਤੇਜਸਵਿਨੀ 50 ਮੀਟਰ ਰਾਈਫਲ ਪਰੋਨ ਵਿੱਚ ਵੀ ਹਿੱਸਾ ਲੈਂਦੀ ਹੈ। ਉਸ ਨੇ ਕਈ ਤਗ਼ਮੇ ਜਿੱਤੇ ਹਨ, ਜਿਸ ਵਿੱਚ ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ ਅਤੇ ਰਾਸ਼ਟਮੰਡਲ ਖੇਡਾਂ ਦੇ ਤਗ਼ਮੇ ਸ਼ਾਮਲ ਹਨ। ਹੋਰ ਭਾਰਤੀਆਂ ਵਿੱਚ ਕਾਜਲ ਸੈਣੀ ਅਤੇ ਗਾਇਤਰੀ ਨਿਤਿਆਨੰਦਮ ਕ੍ਰਮਵਾਰ 13ਵੇਂ ਅਤੇ 16ਵੇਂ ਸਥਾਨ ’ਤੇ ਰਹੀਆਂ। ਐੱਮਕਿਊਐੱਸ ਵਰਗ ਵਿੱਚ ਸੁਨਿਧੀ ਚੌਹਾਨ ਨੇ 1164 ਅੰਕ ਲਏ।