April 28, 2026
#ਖੇਡਾਂ

ਭਾਰਤ ਤੇ ਬੰਗਲਾਦੇਸ਼ ਵਿਚਾਲੇ ਤੀਜਾ ਟੀ-20 ਅੱਜ

ਬੰਗਲਾਦੇਸ਼ ਖ਼ਿਲਾਫ਼ ਐਤਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿੱਚ ਭਾਰਤੀ ਟੀਮ ਦੀਆਂ ਨਜ਼ਰਾਂ ਇਸ ਸਾਲ ਘਰ ਵਿੱਚ ਸਭ ਤੋਂ ਛੋਟੀ ਕ੍ਰਿਕਟ ਵੰਨਗੀ ਦੀ ਪਹਿਲੀ ਲੜੀ ਜਿੱਤਣ ’ਤੇ ਹੋਣਗੀਆਂ। ਕਪਤਾਨ ਵਿਰਾਟ ਕੋਹਲੀ ਸਣੇ ਕੁੱਝ ਹੋਰ ਸੀਨੀਅਰ ਖਿਡਾਰੀਆਂ ਦੀ ਗ਼ੈਰ-ਮੌਜੂਦਗੀ ਵਿੱਚ ਭਾਰਤੀ ਟੀਮ ਦਾ ਇਰਾਦਾ ਲੜੀ ਆਪਣੇ ਨਾਮ ਕਰਨ ਦੇ ਨਾਲ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੋਰ ਖਿਡਾਰੀਆਂ ਦੀ ਪਛਾਣ ਕਰਨਾ ਹੋਵੇਗਾ। ਲੈੱਗ ਸਪਿੰਨਰ ਯੁਜ਼ਵੇਂਦਰ ਚਾਹਲ ਨੇ ਲੜੀ ਵਿੱਚ ਸਫਲ ਵਾਪਸੀ ਕੀਤੀ ਹੈ। ਚਾਹਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਵਿਚਕਾਰਲੇ ਓਵਰਾਂ ਵਿੱਚ ਉਸ ਕੋਲ ਵਿਕਟ ਲੈਣ ਦੀ ਸਮਰੱਥਾ ਹੈ। ਰਾਜਕੋਟ ਵਿੱਚ ਖੇਡੇ ਗਏ ਦੂਜੇ ਟੀ-20 ਵਿੱਚ ਚਾਹਲ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ ਛੇ ਵਿਕਟਾਂ ਪਿੱਛੇ 153 ਦੌੜਾਂ ਦੇ ਸਕੋਰ ’ਤੇ ਰੋਕ ਦਿੱਤਾ। ਇਸ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਨੇ 85 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ ਸੀ। ਗੇਂਦਬਾਜ਼ ਕੁਲਦੀਪ ਯਾਦਵ ਦੀ ਥਾਂ ਟੀਮ ਵਿੱਚ ਚੁਣਿਆ ਜਾਣ ਵਾਲਾ ਵਾਸ਼ਿੰਗਟਨ ਸੁੰਦਰ ਕਾਫ਼ੀ ਕਿਫ਼ਾਇਤੀ ਰਿਹਾ।