April 26, 2026
#ਦੇਸ਼ ਦੁਨੀਆਂ

ਐੱਚ-1ਬੀ ਵੀਜ਼ਾ: ਹਜ਼ਾਰਾਂ ਭਾਰਤੀਆਂ ਨੂੰ ਰਾਹਤ

ਅਮਰੀਕਾ ਦੀ ਅਦਾਲਤ ਨੇ ਅਮਰੀਕਾ ’ਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਦੇ ਅਮਰੀਕਾ ’ਚ ਕੰਮ ਕਰਨ ’ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਇਸ ਸਬੰਧੀ ਕੇਸ ਮੁੜ ਵਿਚਾਰ ਲਈ ਹੇਠਲੀ ਅਦਾਲਤ ਕੋਲ ਭੇਜ ਦਿੱਤਾ ਹੈ।ਜ਼ਿਕਰਯੋਗ ਹੈ ਕਿ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਅਮਰੀਕਾ ’ਚ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਐੱਚ-1ਬੀ ਗ਼ੈਰ-ਪਰਵਾਸੀ ਵੀਜ਼ਾ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮੇ ਵਿਸ਼ੇਸ਼ ਕੰਮਾਂ ਲਈ ਸੱਦਣ ਦੀ ਇਜਾਜ਼ਤ ਮਿਲਦੀ ਹੈ। ਇਸ ਵੀਜ਼ਾ ਨਿਯਮ ਤਹਿਤ ਭਾਰਤੀਆਂ ਤੇ ਵਿਸ਼ੇਸ਼ ਤੌਰ ’ਤੇ ਭਾਰਤੀ ਮਹਿਲਾਵਾਂ ਨੂੰ ਸਹੂਲਤ ਮਿਲ ਰਹੀ ਸੀ ਪਰ ਟਰੰਪ ਪ੍ਰਸ਼ਾਸਨ ਦੇ ਹਮਾਇਤੀ ਕਈ ਅਮਰੀਕੀ ਵਰਕਰਾਂ ਨੇ ਇਸ ਨਿਯਮ ਨੂੰ ਰੱਦ ਕਰਨ ਲਈ ਅਦਾਲਤ ’ਚ ਚੁਣੌਤੀ ਦਿੱਤੀ ਹੋਈ ਹੈ। ਕੋਲੰਬੀਆ ਸਰਕਟ ਲਈ ਅਮਰੀਕਾ ਦੀ ਅਪੀਲੀ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਬੀਤੇ ਦਿਨ ਇਹ ਕਹਿੰਦਿਆਂ ਇਹ ਕੇਸ ਹੇਠਲੀ ਅਦਾਲਤ ਕੋਲ ਇਹ ਕਹਿੰਦਿਆਂ ਭੇਜ ਦਿੱਤਾ ਕਿ ਜ਼ਿਲ੍ਹਾ ਅਦਾਲਤ ਇਸ ਕੇਸ ਨੂੰ ਚੰਗੀ ਤਰ੍ਹਾਂ ਵਿਚਾਰੇ।