May 4, 2026
#ਦੇਸ਼ ਦੁਨੀਆਂ

ਅਮਰੀਕਾ ਵਲੋਂ ਇਜ਼ਰਾਇਲ ਤੇ ਫਿਲਸਤੀਨ ਦੀ ਯਾਤਰਾ ਕਰਨ ਵਾਲਿਆਂ ਲਈ ਅਲਰਟ ਜਾਰੀ

ਵਾਸ਼ਿੰਗਟਨ – ਅਮਰੀਕਾ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਇਜ਼ਰਾਇਲ ਅਤੇ ਫਿਲਸਤੀਨ ਦੀ ਯਾਤਰਾ ਸਮੇਂ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ| ਇਜ਼ਰਾਇਲ ਵਿੱਚ ਅਮਰੀਕੀ ਦੂਤਘਰ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ,”ਪੱਛਮੀ ਏਸ਼ੀਆ ਵਿੱਚ ਤਣਾਅ ਦੇ ਮੱਦੇਨਜ਼ਰ ਅਮਰੀਕੀ ਨਾਗਰਿਕਾਂ ਨੂੰ ਵਿਦੇਸ਼ ਵਿੱਚ ਸੁਰੱਖਿਆ ਖਤਰਾ ਹੋ ਸਕਦਾ ਹੈ|”ਅਮਰੀਕੀ ਨਾਗਰਿਕਾਂ ਨੂੰ ਯੇਰੂਸ਼ਲਮ, ਵੈਸਟ ਬੈਂਕ ਅਤੇ ਗਾਜ਼ਾ ਪੱਟੀ ਦੀ ਯਾਤਰਾ ਦੌਰਾਨ ਅਲਰਟ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ| ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਤੀ ਅਲਰਟ ਅਤੇ ਜਾਗਰੂਕ ਰਹਿਣ ਦੀ ਸਲਾਹ ਦਿੰਦਾ ਹੈ ਕਿਉਂਕਿ ਰਾਕੇਟ ਹਮਲਾ ਕਿਸੇ ਵੀ ਸਥਾਨ ਤੇ ਬਿਨਾ ਕਿਸੇ ਅਲਰਟ ਦੇ ਹੋ ਸਕਦਾ ਹੈ| ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅਮਰੀਕੀ ਡਰੋਨ ਹਮਲੇ ਵਿੱਚ ਈਰਾਨ ਦੀ ਇਸਲਾਮਕ ਰੈਵੂਲਿਊਸ਼ਨਰੀ ਗਾਰਡ ਕੋਰ ਦੇ ਕਮਾਂਡਰ ਕਾਸਿਮ ਸੁਲੇਮਾਨੀ ਸਣੇ ਕਈ ਲੋਕ ਮਾਰੇ ਜਾਣ ਦੇ ਬਾਅਦ ਈਰਾਨ ਤੋਂ ਬਦਲਾ ਲੈਣ ਦੀ ਧਮਕੀ ਤੋਂ ਮੱਦੇਨਜ਼ਰ ਅਮਰੀਕਾ ਨੇ ਇਹ ਅਲਰਟ ਜਾਰੀ ਕੀਤਾ ਹੈ| ਅਮਰੀਕਾ ਨੇ ਹਮਲੇ ਦੇ ਬਾਅਦ ਬਗਦਾਦ ਵਿੱਚ ਅਮਰੀਕੀ ਦੂਤਘਰ ਦੇ ਸਾਰੇ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਇਰਾਕ ਛੱਡਣ ਲਈ ਕਿਹਾ ਸੀ| ਇਸ ਤੋਂ ਇਲਾਵਾ ਲੈਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਅਮਰੀਕੀ ਦੂਤਘਰ ਨੇ ਸੁਰੱਖਿਆ ਚਿਤਾਵਨੀ ਜਾਰੀ ਕਰ ਕੇ ਅਮਰੀਕੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ|