May 5, 2026
#ਖੇਡਾਂ

ਨਿਊਜ਼ੀਲੈਂਡ ਖ਼ਿਲਾਫ਼ ਬਦਲੇ ਦੀ ਭਾਵਨਾ ਨਹੀਂ: ਕੋਹਲੀ

ਭਾਰਤ ਨੂੰ ਬੀਤੇ ਸਾਲ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਦੀ ਚੀਸ ਦਾ ਅਹਿਸਾਸ ਅੱਜ ਵੀ ਹੈ, ਪਰ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਪਹਿਲੇ ਟੀ-20 ਮੈਚ ਵਿੱਚ ਸ਼ੁੱਕਰਵਾਰ ਨੂੰ ਬਦਲੇ ਦੀ ਗੱਲ ਉਸ ਦੇ ਦਿਲੋ-ਦਿਮਾਗ਼ ਵਿੱਚ ਨਹੀਂ ਹੋਵੇਗੀ। ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਰਹੀ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੇ ਆਖ਼ਰੀ ਚਾਰ ਵਿੱਚ 18 ਦੌੜਾਂ ਨਾਲ ਹਰਾਇਆ ਸੀ। ਉਸ ਮਗਰੋਂ ਦੋਵੇਂ ਟੀਮਾਂ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਟੀ-20 ਲੜੀ ਦੌਰਾਨ ਭਿੜਨਗੀਆਂ।ਕੋਹਲੀ ਨੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਤੁਸੀਂ ਬਦਲੇ ਬਾਰੇ ਸੋਚਣਾ ਵੀ ਚਾਹੋ ਤਾਂ ਇਹ ਏਨੇ ਚੰਗੇ ਲੋਕ ਹਨ ਕਿ ਤੁਸੀਂ ਉਨ੍ਹਾਂ ਬਾਰੇ ਸੋਚ ਹੀ ਨਹੀਂ ਸਕਦੇ।’’ ਉਸ ਨੇ ਕਿਹਾ, ‘‘ਜਿਵੇਂ ਕਿ ਮੈਂ ਇੰਗਲੈਂਡ ਵਿੱਚ ਵੀ ਕਿਹਾ ਸੀ ਇਹ ਅਜਿਹੀ ਟੀਮ ਹੈ, ਜਿਸ ਨੇ ਦੂਜਿਆਂ ਸਾਹਮਣੇ ਮਿਸਾਲ ਕਾਇਮ ਕੀਤੀ ਹੈ ਕਿ ਕੌਮਾਂਤਰੀ ਕ੍ਰਿਕਟ ਕਿਵੇਂ ਖੇਡਣੀ ਚਾਹੀਦੀ ਹੈ।’’ ਉਸ ਨੇ ਕਿਹਾ ਕਿ ਉਹ ਖੇਡ ਦੇ ਮਹਾਨ ਦੂਤ ਹਨ। ਵਿਸ਼ਵ ਕੱਪ ਫਾਈਨਲ ਵਿੱਚ ਇੰਗਲੈਂਡ ਖ਼ਿਲਾਫ਼ ਸਕੋਰ ਬਰਾਬਰ ਰਹਿਣ ’ਤੇ ਚੌਕੇ-ਛੱਕਿਆਂ ਦੇ ਆਧਾਰ ’ਤੇ ਖ਼ਿਤਾਬ ਗੁਆਉਣ ਦੇ ਬਾਵਜੂਦ ਕੇਨ ਵਿਲੀਅਮਸਨ ਅਤੇ ਉਸ ਦੀ ਟੀਮ ਦੇ ਵੱਡਾ ਦਿਲ ਵਿਖਾਉਣ ਦੀ ਪ੍ਰਸ਼ੰਸਾ ਹੋਈ ਸੀ।