May 7, 2026
#ਪੰਜਾਬ #ਭਾਰਤੀ ਡਾਇਸਪੋਰਾ

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਰਾਤ ਦੇ ਸਮਾਗਮ ‘ਚ ਭਰਵੀਂ ਸੰਗਤ ਨੇ ਕੀਤੀ ਸ਼ਮੂਲੀਅਤ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ

ਅੰਮ੍ਰਿਤਸਰ – ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਤਿੰਨ ਦਿਨ ਤੋਂ ਚੱਲ ਰਹੇ ਗੁਰਮਤਿ ਸਮਾਗਮਾਂ ਦੀ ਸਮਾਪਤੀ ਬੀਤੀ ਰਾਤ ਦੇ ਸਮਾਗਮ ਨਾਲ ਹੋਈ। ਸ਼ਾਮ ਸਮੇਂ ਆਰੰਭ ਹੋਇਆ ਇਹ ਗੁਰਮਤਿ ਸਮਾਗਮ ਦੇਰ ਰਾਤ ਤੱਕ ਜਾਰੀ ਰਿਹਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਦਲ ਬਾਬਾ ਬਿੱਧੀ ਚੰਦ ਦੇ ਮੁੱਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਮੈਂਬਰ ਭਾਈ ਰਾਮ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਬਾਵਾ ਸਿੰਘ ਗੁਮਾਨਪੁਰਾ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਲਾਸਾਨੀ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅਜਿਹੇ ਗੁਰੂ ਪਿਆਰਿਆਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਇਸ ਮੌਕੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਵੀ ਸੰਗਤ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਸਮਾਗਮ ਸਮੇਂ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਿਆ। ਇਸ ਦੌਰਾਨ ਬੀਤੇ ਕੱਲ੍ਹ ਹੋਏ ਅੰਮ੍ਰਿਤ-ਸੰਚਾਰ ਦੌਰਾਨ 250 ਦੇ ਕਰੀਬ ਸੰਗਤਾਂ ਨੇ ਅੰਮ੍ਰਿਤ-ਪਾਨ ਕੀਤਾ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨ ਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸਮੇਂ ਸ. ਅਮਰਬੀਰ ਸਿੰਘ ਢੋਟ, ਸ. ਬਘੇਲ ਸਿੰਘ, ਸ. ਜਸਪਾਲ ਸਿੰਘ ਢੱਡੇ, ਸ. ਗੁਰਪ੍ਰੀਤ ਸਿੰਘ ਮੀਤ ਮੈਨੇਜਰ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਤਰਸੇਮ ਸਿੰਘ, ਭਾਈ ਬਲਵੰਤ ਸਿੰਘ ਐਨੋਕੋਟ, ਸ. ਤੇਜਿੰਦਰ ਸਿੰਘ, ਸ. ਜਗਜੀਤ ਸਿੰਘ ਖ਼ਾਲਸਾ ਆਦਿ ਮੌਜੂਦ ਸਨ।