ਨਿਊਜ਼ੀਲੈਂਡ ਦੌਰੇ ਦੇ ਆਖਰੀ ਮੈਚ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ
ਨਵੀਂ ਦਿੱਲੀ – ਸਟ੍ਰਾਈਕਰ ਨਵਨੀਤ ਕੌਰ ਦੇ 2 ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ 5 ਮੈਚਾਂ ਦੇ ਦੌਰੇ ਦੇ ਆਖਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਦਿੱਤਾ| ਨਵਨੀਤ ਨੇ 45ਵੇਂ ਅਤੇ 58ਵੇ2 ਮਿੰਟ ਵਿਚ ਗੋਲ ਕੀਤੇ ਜਦਕਿ ਸ਼ਰਮਿਲਾ ਨੇ 54ਵੇਂ ਮਿੰਟ ਵਿਚ ਗੋਲ ਕੀਤਾ| ਪਹਿਲੇ 2 ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ| ਨਵਨੀਤ ਨੇ 45ਵੇਂ ਮਿੰਟ ਵਿਚ ਗੋਲ ਕਰ ਕੇ ਖਾਤਾ ਖੋਲ੍ਹਿਆ| ਇਸ ਤੋਂ ਬਾਅਦ 54ਵੇਂ ਮਿੰਟ ਵਿੱਚ ਭਾਰਤ ਦੀ ਬੜ੍ਹਤ ਦੁਗਣੀ ਹੋਈ| ਨਵਨੀਤ ਨੇ ਆਖਰੀ ਸੀਟੀ ਵੱਜਣ ਤੋਂ 2 ਮਿੰਟ ਪਹਿਲਾਂ ਗੋਲ ਕੀਤਾ| ਭਾਰਤ ਨੇ ਇਸ ਦੌਰੇ ਤੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਡਿਵੈਲਪਮੈਂਟ ਟੀਮ ਨੂੰ 4-0 ਨਾਲ ਹਰਾਇਆ| ਇਸ ਤੋਂ ਬਾਅਦ ਸੀਨੀਅਰ ਟੀਮ ਹੱਥੋਂ 1-2, 0-1 ਨਾਲ ਹਾਰ ਗਈ| ਚੌਥੇ ਮੈਚ ਵਿਚ ਭਾਰਤ ਨੇ ਬ੍ਰਿਟੇਨ ਨੂੰ 1-0 ਨਾਲ ਹਰਾਇਆ| ਭਾਰਤ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ, ”ਮੈਨੂੰ ਖੁਸ਼ੀ ਹੈ ਕਿ ਅਸੀਂ ਨਿਊਜ਼ੀਲੈਂਡ ਖਿਲਾਫ 3 ਗੋਲ ਕੀਤੇ| ਇਸ ਦੌਰੇ ਨਾਲ ਸਾਨੂੰ ਚੰਗਾ ਤਰ੍ਹਾਂ ਪਤਾ ਲੱਗ ਗਿਆ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਜ਼ਰੂਰਤ ਹੈ| ਸਾਨੂੰ ਤੇਜ਼ ਰਫਤਾਰ ਨਾਲ ਹਾਕੀ ਖੇਡਣੀ ਹੋਵੇਗੀ| ਕਈ ਵਾਰ ਖਿਡਾਰੀ ਲੰਬੇ ਸਮੇਂ ਤਕ ਗੇਂਦ ਨੂੰ ਘੁਮਾਉਂਦੇ ਰਹਿੰਦੇ ਹਨ, ਜਿਸ ਨਾਲ ਦਬਾਅ ਬਣ ਜਾਂਦਾ ਹੈ| ਸਾਨੂੰ ਛੋਟੇ ਪਾਸ ਦੇਣੇ ਹੋਣਗੇ| ਡਿਫੈਂਸ ਨੂੰ ਥੋੜੀ ਸੰਜਮ ਰੱਖਣਾ ਹੋਵੇਗਾ| ਅਸੀਂ ਛੋਟੇ ਬ੍ਰੇਕ ਤੋਂ ਬਾਅਦ 4 ਹਫਤੇ ਤਕ ਕੈਂਪ ਵਿਚ ਹਿੱਸਾ ਲਵਾਂਗੇ| ਇਨ੍ਹਾਂ ਪਹਿਲੂਆਂ ਤੇ ਉਸ ਕੈਂਪ ਵਿੱਚ ਕੰਮ ਕੀਤਾ ਜਾਵੇਗਾ|” ਭਾਰਤੀ ਟੀਮ 7 ਫਰਵਰੀ ਨੂੰ ਭਾਰਤ ਵਾਪਸ ਪਰਤੇਗੀ|






