ਆਪਸੀ ਟੱਕਰ ‘ਚ ਤਿੰਨ ਟਰਾਲੇ ਬੁਰੀ ਤਰ੍ਹਾਂ ਨੁਕਸਾਨੇ – ਜਾਨੀ ਨੁਕਸਾਨ ਤੋਂ ਬਚਾਅ
ਸ਼ਾਹਕੋਟ – ਮਲਸੀਆਂ ਹਾਈਵੇ ਤੇ ਬਣੇ ਫਲਾਈ ਓਵਰ ਦੇ ਨਜਦੀਕ ਅੱਜ ਤੜਕਸਾਰ ਦੇਖਦੇ ਹੀ ਦੇਖਦੇ 3 ਟਰਾਲੇ ਆਪਸ ਵਿੱਚ ਟਕਰਾ ਕੇ ਬੁਰੀ ਤਰ੍ਹਾਂ ਨੁਕਸਾਨੇ ਗਏ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਅਤੇ ਦੋ ਟਰਾਲੇ ਅਤੇ ਇੱਕ ਟਾਟਾ 407 ਗੱਡੀ ਦੇ ਚਾਲਕ ਮੌਕੇ ਤੋਂ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕਸਾਰ ਇੱਕ ਟਰਾਲਾ ਨੈਸ਼ਨਲ ਹਾਈਵੇ ਤੇ ਬਣੇ ਫਲਾਈਓਵਰ ਦੇ ਨਜਦੀਕ ਖੜਾ ਸੀ। ਨਕੋਦਰ ਵੱਲੋਂ ਆਲੂਆ ਨਾਲ ਲੱਦਿਆ ਹੋਇਆ ਟਰੱਕ ਨੰਬਰ ਆਰ. ਜੇ. 21 ਜੀ. ਸੀ 3373 ਧੁੰਦ ਹੋਣ ਕਾਰਨ ਅੱਗੇ ਖੜੇ ਟਰਾਲੇ ‘ਚ ਟਕਰਾ ਗਿਆ, ਅੱਗੇ ਵਾਲੇ ਟਰਾਲੇ ਦਾ ਚਾਲਕ ਆਪਣੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ, ਇੰਨੇ ਨੂੰ ਉਕਤ ਟਰਾਲੇ ਦੇ ਪਿੱਛੇ ਆ ਰਿਹਾ ਟਰਾਲਾ ਨੰਬਰ ਪੀ ਬੀ 03 ਏ ਜੇ 9497, ਜਿਸ ਵਿੱਚ ਝੋਨਾ ਲੱਦਿਆ ਹੋਇਆ ਸੀ ਅਤੇ ਇਸ ਨੂੰ ਭੋਲਾ ਵਾਸੀ ਪਿੰਡ ਕੜਾੜ ਵਾਲਾ (ਰਾਮਪੁਲਾ ਫੂਲ) ਚਲਾ ਰਿਹਾ ਸੀ। ਮੋਹਰਲੇ ਟਰਾਲੇ ਨਾਲ ਟਕਰਾ ਗਿਆ। ਇਸੇ ਤਰ੍ਹਾਂ ਟਰਾਲਾ ਨੰਬਰ ਪੀ ਬੀ 07 ਬੀ ਜੀ 6024 ਜਿਸ ਵਿੱਚ ਬੱਜਰੀ ਲੱਦੀ ਹੋਈ ਸੀ ਅਤੇ ਪਠਾਨਕੋਟ ਤੋਂ ਮੋਗਾ ਜਾ ਰਿਹਾ ਸੀ ਅਤੇ ਇਸ ਨੂੰ ਅਮਨ ਵਾਸੀ ਪਠਾਨਕੋਟ ਚਲਾ ਰਿਹਾ ਸੀ, ਝੋਨਾਂ ਲੱਦੇ ਹੋਈ ਟਰਾਲੇ ‘ਚ ਜਾ ਟਕਰਾਇਆ। ਅਮਨ ਨੇ ਦੱਸਿਆ ਕਿ ਉਸ ਦੇ ਅੱਗੇ ਜਾ ਰਹੀ ਟਾਟਾ 407 ਗੱਡੀ ਨੰਬਰ ਪੀ ਬੀ 08 ਡੀ ਜੀ 9706 ਜਿਸ ਨੂੰ ਗੁਰਿੰਦਰ ਸਿੰਘ ਖਾਂਬਰਾ ਚਲਾ ਰਿਹਾ ਸੀ, ਵੱਲੋਂ ਗਲਤ ਕੱਟ ਮਾਰਨ ਕਾਰਨ ਮੇਰੀ ਗੱਡੀ ਬੇਕਾਬੂ ਹੋ ਕੇ ਅੱਗੇ ਖੜੇ ਟਰਾਲੇ ਨਾਲ ਜਾ ਟਕਰਾਈ। ਅਮਨ ਨੂੰ ਛੱਡ ਕੇ ਬਾਕੀ ਤਿੰਨਾ ਗੱਡੀਆਂ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ। ਨੈਸ਼ਨਲ ਹਾਈਵੇ ਤੇ ਟ੍ਰੈਫਿਕ ਜਾਮ ਹੋ ਗਿਆ ਅਤੇ ਦੁਪਿਹਰ ਤੱਕ ਰੋਡ ਜਾਮ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਚੌਕੀ ਮਲਸੀਆਂ ਦੇ ਇੰਚਾਰਜ ਸੰਜੀਵਨ ਸਿੰਘ ਨੇ ਦੱਸਿਆ ਕਿ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।






