Skip to content

84 ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

Share this story

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਕਾਂਗਰਸ ਦੇ ਸਾਬਕਾ ਨੇਤਾ ਅਤੇ 1984 ਕਤਲੇਆਮ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੂੰ ਰਾਹਤ ਜਾਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ| ਉਹ ਜੇਲ ਵਿੱਚ ਹੀ ਰਹਿਣਗੇ| ਹਾਲਾਂਕਿ ਕੋਰਟ ਨੇ ਸੱਜਣ ਦੀ ਸਿਹਤ ਜਾਂਚ ਏਮਸ ਦੇ ਡਾਕਟਰਾਂ ਦੇ ਇਕ ਪੈਨਲ ਤੋਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ| ਕੋਰਟ ਨੇ ਏਮਸ ਦੇ ਡਾਇਰੈਕਟਰ ਵਲੋਂ ਗਠਿਤ ਇਸ ਡਾਕਟਰੀ ਪੈਨਲ ਤੋਂ 4 ਹਫਤਿਆਂ ਦੇ ਅੰਦਰ ਰਿਪੋਰਟ ਮੰਗੀ ਹੈ| ਇੱਥੇ ਦੱਸ ਦੇਈਏ ਕਿ ਸੱਜਣ ਕੁਮਾਰ ਨੇ ਆਪਣੀ ਸਿਹਤ ਦੇ ਆਧਾਰ ਤੇ ਜ਼ਮਾਨਤ ਪਟੀਸ਼ਨ ਤੇ ਤੁਰੰਤ ਕਾਰਵਾਈ ਕੀਤੇ ਜਾਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ| ਸੱਜਣ ਵਲੋਂ ਪੇਸ਼ ਹੋਏ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਉਹ ਪਿਛਲੇ 11 ਮਹੀਨਿਆਂ ਤੋਂ ਜੇਲ ਵਿਚ ਹਨ ਅਤੇ ਉਨ੍ਹਾਂ ਦਾ 8 ਤੋਂ 10 ਕਿਲੋਗ੍ਰਾਮ ਵਜ਼ਨ ਘੱਟ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਸੱਜਣ ਕੁਮਾਰ ਕਈ ਬੀਮਾਰੀਆਂ ਨਾਲ ਪੀੜਤ ਵੀ ਹਨ ਅਤੇ ਉਨ੍ਹਾਂ ਦੀ ਸਿਹਤ ਖਰਾਬ ਹੈ| ਕੋਰਟ ਨੇ ਕਿਹਾ ਕਿ ਘੱਟ ਵਜ਼ਨ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਸਿਹਤਮੰਦ ਨਹੀਂ ਹਨ ਪਰ ਫਿਰ ਵੀ ਅਸੀਂ ਡਾਕਟਰਾਂ ਦੀ ਟੀਮ ਤੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਹਨ| ਓਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਕੋਰਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਸੱਜਣ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ| ਕਿਉਂਕਿ ਅਜਿਹੇ ਦਰਿੰਦੇ ਜੇਲ ਵਿੱਚ ਸੜਨੇ ਚਾਹੀਦੇ ਹਨ| ਜਿਕਰਯੋਗ ਹੈ ਕਿ ਹਾਈ ਕੋਰਟ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੱਜਣ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ| ਸੱਜਣ ਕੁਮਾਰ ਨੂੰ ਜਿਸ ਮਾਮਲੇ ਵਿਚ ਸਜ਼ਾ ਸੁਣਾਈ ਗਈ ਸੀ ਉਹ 1984 ਵਿਚ ਦਿੱਲੀ ਛਾਉਣੀ ਦੇ ਰਾਜਨਗਰ ਪਾਰਟ-1 ਵਿੱਚ 5 ਸਿੱਖਾਂ ਨੂੰ ਮਾਰਨ ਅਤੇ ਰਾਜਨਗਰ ਪਾਰਟ-2 ਵਿੱਚ ਇਕ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਨਾਲ ਜੁੜਿਆ ਹੈ| ਸਾਲ 2018 ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ|

Share this story
WRITTEN BY

BREAKING