ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦਾ ਪੁੱਤਰ ਈਡੀ ਜਾਂਚ ਦੇ ਘੇਰੇ ’ਚ
ਨਵੀਂ ਦਿੱਲੀ – ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦਾ ਪੁੱਤਰ ਅਬੀਰ ਤੇ ਉਸ ਨਾਲ ਜੁੜੀ ਇਕ ਫਰਮ ਖ਼ਿਲਾਫ਼ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਕੇਸ ਵਿਦੇਸ਼ੀ ਕਰੰਸੀ ਸਬੰਧੀ ਨੇਮਾਂ ਦੀ ਉਲੰਘਣਾ (ਫੇਮਾ) ਤਹਿਤ ਦਰਜ ਕੀਤਾ ਗਿਆ ਹੈ। ਜਾਂਚ ਦੇ ਘੇਰੇ ਵਿਚ ਆਈ ਫਰਮ ਦਾ ਨਾਂ ‘ਨੌਰਿਸ਼ ਆਰਗੈਨਿਕ ਫੂਡਜ਼ ਪ੍ਰਾਈਵੇਟ ਲਿਮਟਿਡ’ ਹੈ ਤੇ ਕੰਪਨੀ ਵੱਲੋਂ ਇਸੇ ਵਰ੍ਹੇ ਜੁਟਾਏ ਗਏ 7.25 ਕਰੋੜ ਰੁਪਏ ਦੇ ਮਾਮਲੇ ਵਿਚ ਜਾਂਚ ਆਰੰਭੀ ਗਈ ਹੈ। ਅਬੀਰ ਲਵਾਸਾ ਇਸ ਫਰਮ ਦੇ ਡਾਇਰੈਕਟਰ ਹਨ। ਏਜੰਸੀ ਜਾਂਚ ਰਾਹੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਕੰਪਨੀ ਵੱਲੋਂ ਮੌਰੀਸ਼ਸ ਅਧਾਰਿਤ ਫਰਮ ਸਾਮਾ ਕੈਪੀਟਲ ਤੋਂ ਜੁਟਾਏ ਫੰਡ ਐਕਟ ਦੇ ਦਾਇਰੇ ਵਿਚ ਹਨ ਜਾਂ ਨਹੀਂ। ਏਜੰਸੀ ਨੇ ਹਾਲ ਹੀ ਵਿਚ ਅਬੀਰ ਤੋਂ ਪੁੱਛਗਿੱਛ ਵੀ ਕੀਤੀ ਹੈ। ਅਬੀਰ ਨੇ ਕਿਹਾ ਹੈ ਕਿ ਉਹ ਜਾਂਚ ਵਿਚ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਜਾਂਚ ਨੂੰ ਅੱਗੇ ਵਧਾਉਣ ਲਈ ਕੁਝ ਹੋਰ ਲੋਕਾਂ ਨੂੰ ਸੱਦਿਆ ਗਿਆ ਹੈ।






