ਮਮਤਾ ਵਲੋਂ ਸਾਰੀਆਂ ਧਿਰਾਂ ਨੂੰ ਇਕਜੁਟ ਹੋ ਕੇ ਭਾਜਪਾ ਦੇ ਬਾਈਕਾਟ ਦਾ ਸੱਦਾ
ਨਵੀਂ ਦਿੱਲੀ – ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਰੋਸ-ਮੁਜ਼ਾਹਰੇ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ‘ਦੇਸ਼-ਵਿਰੋਧੀ’ ਆਖੇ ਜਾਣ ’ਤੇ ਵਰ੍ਹਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੇਸ਼ ਭਰ ਦੀਆਂ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਨੂੰ ਇਕਜੁਟ ਹੋ ਕੇ ਭਗਵਾਂ ਪਾਰਟੀ ਨੂੰ ਨਿਖੇੜਨ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ, ‘‘ਭਾਜਪਾ ਵਲੋਂ ਦੇਸ਼ ਦੇ ਕਾਨੂੰਨੀ ਨਾਗਰਿਕਾਂ ਦੀ ਨਾਗਰਿਕਤਾ ਖੋਹਣ ਦੀ ਯੋਜਨਾ ਘੜੀ ਜਾ ਰਹੀ ਹੈ। ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਭਾਜਪਾ ਵਿਰੁਧ ਇਕਜੁਟ ਹੋ ਕੇ ਇਨ੍ਹਾਂ ਨੂੰ ਹਰ ਪਾਸੇ ਇਕੱਲੇ ਕਰ ਦਿੱਤਾ ਜਾਵੇ।’’ ਉਨ੍ਹਾਂ ਕਿਹਾ ਕਿ ਉਹ ਕੌਮੀ ਜਨਸੰਖਿਆ ਰਜਿਸਟਰ (ਐੱਨਪੀਆਰ) ਅਪਡੇਟ ਕਰਨ ਦੀ ਆਗਿਆ ਨਹੀਂ ਦੇਵੇਗੀ। ਪੁਰੂਲੀਆ ਤੋਂ ਪੰਜ ਕਿਲੋਮੀਟਰ ਲੰਬੇ ਰੋਸ ਮਾਰਚ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੀਏਏ ਵਾਪਸ ਲਏ ਜਾਣ ਤੱਕ ਉਹ ਆਪਣੇ ਰੋਸ ਮੁਜ਼ਾਹਰੇ ਜਾਰੀ ਰੱਖਣਗੇ। ਉਨ੍ਹਾਂ ਕਿਹਾ, ‘‘ਤੁਸੀਂ ਕੇਵਲ ਇਹ ਯਕੀਨੀ ਬਣਾਓ ਕਿ ਤੁਹਾਡਾ ਨਾਂ ਵੋਟਰ ਸੂਚੀ ਵਿੱਚ ਹੈ। ਬਾਕੀ ਸਭ ਮੈਂ ਦੇਖ ਲਵਾਂਗੀ। ਕਿਸੇ ਨੂੰ ਵੀ ਮੁਲਕ ਨਹੀਂ ਛੱਡਣਾ ਪਵੇਗਾ।’’ਸੀਏਏ ਅਤੇ ਐੱਨਆਰਸੀ ਵਿਰੁਧ ਮੁਜ਼ਾਹਰੇ ਕਰ ਰਹੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲੀਸ ਕਾਰਵਾਈ ਦੇ ਵਿਰੋਧ ਵਿੱਚ ਅੱਜ ਇਸੇ ਦੌਰਾਨ ਦਿੱਲੀ ’ਚ ਜੰਤਰ ਮੰਤਰ ’ਤੇ ਖੱਬੀਆਂ ਧਿਰਾਂ ਨੇ ਧਰਨਾ ਦਿੱਤਾ। ਕੜਾਕੇ ਦੀ ਠੰਢ ਵਿੱਚ ਜੰਤਰ-ਮੰਤਰ ਪੁੱਜੇ ਧਰਨਾਕਾਰੀਆਂ ਨੇ ਪੁਲੀਸ ਕਾਰਵਾਈ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੁਲੀਸ ’ਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ’ਤੇ ‘ਅੱਤਿਆਚਾਰ’ ਕਰਨ ਦੇ ਦੋਸ਼ ਲਾਏ।






