ਹੰਪੀ ਬਲਿਟਜ਼ ਪ੍ਰਤੀਯੋਗਿਤਾ ਚ ਪਹਿਲੇ ਦਿਨ ਤੋਂ ਬਾਅਦ ਦੂਜੇ ਸਥਾਨ ਤੇ
ਭਾਰਤੀ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਨੇ ਮਹਿਲਾ ਵਿਸ਼ਵ ਰੈਪਿਡ ਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਦੂਜੇ ਖਿਤਾਬ ਲਈ ਦਮਦਾਰ ਸ਼ੁਰੂਆਤ ਕੀਤੀ ਅਤੇ ਉਹ ਬਲਿਟਜ਼ ਪ੍ਰਤੀਯੋਗਿਤਾ ਦੇ ਪਹਿਲੇ ਦਿਨ 3 ਹੋਰਨਾਂ ਨਾਲ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਹੈ। ਸ਼ਨੀਵਾਰ ਨੂੰ ਰੈਪਿਡ ਖਿਤਾਬ ਜਿੱਤਣ ਵਾਲੀ 32 ਸਾਲਾ ਹੰਪੀ ਨੇ ਦੋ ਦਿਨਾ ਬਲਿਟਜ਼ ਪ੍ਰਤੀਯੋਗਿਤਾ ਵਿਚ ਪਹਿਲੇ ਪੰਜ ਦੌਰ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ ਤੇ ਉਹ ਇਕ ਸਮੇਂ ਚੋਟੀ ‘ਤੇ ਸੀ।ਹੰਪੀ ਨੇ ਆਪਣੀਆਂ ਅਗਲੀਆਂ ਦੋ ਬਾਜ਼ੀਆਂ ਡਰਾਅ ਕਰਵਾਈਆਂ ਤੇ ਫਿਰ 8ਵੀਂ ਬਾਜ਼ੀ ਵਿਚ ਮੋਨਿਕਾ ਸੈਕੋ ਨੂੰ ਹਰਾਇਆ। ਉਹ ਹਾਲਾਂਕਿ ਪਹਿਲੇ ਦਿਨ ਤੋਂ ਬਾਅਦ ਚੋਟੀ ‘ਤੇ ਚੱਲ ਰਹੀ ਰੂਸ ਦੀ ਕੈਟਰੀਨਾ ਲੈਗਨੋ ਤੋਂ ਦਿਨ ਦੀ ਆਖਰੀ ਬਾਜ਼ੀ ਵਿਚ ਨਾਟਕੀ ਤਰੀਕੇ ਨਾਲ ਹਾਰ ਗਈ। ਲੈਗਨੋ ਨੇ 2018 ਦੇ ਆਪਣੇ ਖਿਤਾਬ ਦੇ ਬਚਾਅ ਲਈ ਪੂਰੀ ਪ੍ਰਤੀਬੱਧਤਾ ਦਿਖਾਈ ਅਤੇ ਉਸ ਨੇ ਸੰਭਾਵਿਤ 9 ਵਿਚੋਂ 8 ਅੰਕ ਹਾਸਲ ਕੀਤੇ ਹਨ। ਲੈਗਨੋ ਤੋਂ ਬਾਅਦ ਚਾਰ ਖਿਡਾਰੀ ਅਲੈਗਸਾਂਦ੍ਰੇ ਕੋਸਤੇਨਿਯੁਕ, ਕੋਨੇਰੂ ਹੰਪੀ, ਦਾਰੀਆ ਚਾਰੋਚਕਿਨਾ ਤੇ ਐਲਿਨਾ ਕਾਸ਼ਲਿਨਸਕਾਯਾ ਇਕਬਰਾਬਰ 7-7 ਅੰਕ ਲੈ ਕੇ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਹੈ।