ਸੰਯੁਕਤ ਰਾਸ਼ਟਰ ’ਚ ਪਾਕਿ ਦਾ ਝੂਠ ਸੁਣਨ ਵਾਲਾ ਕੋਈ ਨਹੀਂ: ਅਕਬਰੂਦੀਨ
ਸੰਯੁਕਤ ਰਾਸ਼ਟਰ – ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐੱਨ.ਐੱਸ.ਸੀ.) ’ਚ ਜੰਮੂ ਅਤੇ ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ‘ਇਸਲਾਮਾਬਾਦ ਸ਼ੈਤਾਨੀ’ ਇਰਾਦੇ ਰੱਖਦਾ ਹੈ। ਪਰ ਉਸ ਦੀਆਂ ਗੱਲਾਂ ਨਾਲ ਕੋਈ ਵੀ ਪ੍ਰਭਾਵਿਤ ਨਹੀਂ ਹੁੰਦਾ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧ ਸ੍ਰੀ ਸਈਦ ਅਕਬਰੂਦੀਨ ਨੇ ਵੀਰਵਾਰ ਕਿਹਾ, ‘ਸ਼ੈਤਾਨੀ ਇਰਾਦੇ ਰੱਖਣ ਵਾਲੇ ਇੱਕ ਪ੍ਰਤੀਨਿਧੀ ਮੰਡਲ ਨੇ ਇੱਕ ਵਾਰ ਫਿਰ ਝੂਠ ਫੈਲਾਅ ਕੇ ਆਪਣੀ ਅਸਲੀਅਤ ਵਿਖਾ ਦਿੱਤੀ ਹੈ। ਇਸ ਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਹਾਂ।’’ਸ੍ਰੀ ਅਕਬਰੂਦੀਨ ਨੇ ਇਹ ਪ੍ਰਤੀਕਿਰਿਆ ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੇ ਸਫੀਰ ਮੁਨੀਰ ਅਕਰਮ ਵੱਲੋਂ ਪਰਿਸ਼ਦ ਵਿੱਚ ਜੰਮੂ ਕਸ਼ਮੀਰ ਦਾ ਮੁੱਦਾ ਚੁੱਕੇ ਜਾਣ ਤੋਂ ਬਾਅਦ ਦਿੱਤੀ ਹੈ।ਸ੍ਰੀ ਅਕਬਰੂਦੀਨ ਨੇ ਕਿਹਾ, ‘ਪਾਕਿਸਤਾਨ ਨੂੰ ਮੇਰਾ ਸੌਖਾ ਜਿਹਾ ਜਵਾਬ ਇਹ ਹੈ ਕਿ ਭਾਵੇਂ ਦੇਰ ਹੋ ਗਈ ਹੈ ਪਰ ਮੇਰੇ ਗੁਆਂਢੀ ਆਪਣਾ ਰੋਗ ਠੀਕ ਕਰੋ। ਤੁਹਾਡੇ ਝੂਠ ਅਤੇ ਕੂੜ ਪ੍ਰਚਾਰ ਨੂੰ ਇੱਥੇ ਮੰਨਣ ਵਾਲਾ ਕੋਈ ਵੀ ਨਹੀਂ ਹੈ।’’ ਉਨ੍ਹਾਂ ਨੇ ‘‘ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਅਤੇ ਸੰਯੁਕਤ ਰਾਸ਼ਟਰ ਚਾਰਟਰ ਨੂੰ ਬਰਕਰਾਰ ਰੱਖਣ’’ ਦੇ ਵਿਸ਼ੇ ’ਤੇ ਖੁੱਲ੍ਹੀ ਚਰਚਾ ਦੌਰਾਨ ਇਹ ਗੱਲਾਂ ਆਖੀਆਂ।






