ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ 2021 ’ਚ ਹੋਵੇਗੀ ਰਿਲੀਜ਼
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਸ਼ੁੱਕਰਵਾਰ ਐਲਾਨ ਕੀਤਾ 2021 ’ਚ ਈਦ ਮੌਕੇ ਰਿਲੀਜ਼ ਹੋਣ ਵਾਲੀ ਉਸਦੀ ਫ਼ਿਲਮ ਦਾ ਨਾਂਅ ‘ਕਭੀ ਈਦ ਕਭੀ ਦੀਵਾਲੀ’ ਹੋਵੇਗਾ। ਸਲਮਾਨ ਨੇ ਟਵਿੱਟਰ ’ਤੇ ਦੱਸਿਆ ਕਿ ਫ਼ਿਲਮ ਦੇ ਲੇਖਕ ਤੇ ਪ੍ਰੋਡਿਊਸਰ ਫ਼ਿਲਮਕਾਰ ਸਾਜਿਦ ਨਾਡਿਆਡਵਾਲਾ ਹੋਣਗੇ। ਫ਼ਿਲਮ ‘ਹਾਊਸਫੁੱਲ-4’ ਦੇ ਡਾਇਰੈਕਟਰ ਫਰਹਾਦ ਸਮਝੀ ਇਸ ਫ਼ਿਲਮ ਦੇ ਨਿਰਦੇਸ਼ਕ ਹੋਣਗੇ। ਸਲਮਾਨ ਨੇ ਟਵੀਟ ’ਚ ਕਿਹਾ, ‘‘ਮੇਰੀ ਅਗਲੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦੇ ਲੇਖਕ ਤੇ ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਅਤੇ ਨਿਰਦੇਸ਼ਕ ਫਰਹਾਦ ਸਮਝੀ ਹੋਣਗੇ। ਫ਼ਿਲਮ 2021 ’ਚ ਈਦ ਮੌਕੇ ਰਿਲੀਜ਼ ਹੋਵੇਗੀ।’’ ਸਲਮਾਨ ਖ਼ਾਨ, ਜਿਨ੍ਹਾਂ ਦੀ ਫ਼ਿਲਮ ‘ਦਬੰਗ-3’ ਨੂੰ ਸਿਨੇਮਿਆਂ ’ਚ ਦਰਮਿਆਨਾ ਹੁੰਗਾਰਾ ਮਿਲਿਆ, ਪ੍ਰਭੂਦੇਵਾ ਦੇ ਨਿਰਦੇਸ਼ਨ ਹੇਠ ਆਉਣ ਵਾਲੀ ਫ਼ਿਲਮ ‘ਰਾਧੇ’ ਵਿੱਚ ਨਜ਼ਰ ਆਉਣਗੇ ਜੋ ਇਸ ਸਾਲ ਈਦ ਮੌਕੇ ਰਿਲੀਜ਼ ਹੋਵੇਗੀ।






