ਭਾਰਤੀ ਹਾਕੀ ਟੀਮ ਦੀ ਕਮਾਨ ਮਨਪ੍ਰੀਤ ਨੂੰ ਸੌਂਪੀ
ਦੁਨੀਆਂ ਦੀ ਅੱਵਲ ਨੰਬਰ ਟੀਮ ਬੈਲਜੀਅਮ ਖ਼ਿਲਾਫ਼ ਐੱਫਆਈਐੱਚ ਪ੍ਰੋ ਲੀਗ ਦੇ ਮੁਕਾਬਲਿਆਂ ਵਿੱਚ ਮਨਪ੍ਰੀਤ ਸਿੰਘ ਭਾਰਤੀ ਟੀਮ ਦਾ ਕਪਤਾਨ ਹੋਵੇਗਾ, ਜਦਕਿ ਹਰਮਨਪ੍ਰੀਤ ਸਿੰਘ 8 ਅਤੇ 9 ਫਰਵਰੀ ਨੂੰ ਭੁਬਨੇਸ਼ਵਰ ਵਿੱਚ ਹੋਣ ਵਾਲੇ ਮੈਚਾਂ ਵਿੱਚ ਟੀਮ ਦਾ ਉਪ ਕਪਤਾਨ ਹੋਵੇਗਾ। 24 ਮੈਂਬਰੀ ਟੀਮ ਵਿੱਚ ਇਕਲੌਤਾ ਨਵਾਂ ਚਿਹਰਾ ਰਾਜ ਕੁਮਾਰ ਪਾਲ ਹੈ। ਰਾਜ ਕੁਮਾਰ ਨੇ ਪਿਛਲੇ ਸੈਸ਼ਨ ਵਿੱਚ ਭਾਰਤੀ ਜੂਨੀਅਰ ਟੀਮ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਜੂਨੀਅਰ ਟੀਮ ਮਲੇਸ਼ੀਆ ਵਿੱਚ ਹੋਏ ਸੁਲਤਾਨ ਜੋਹੋਰ ਕੱਪ ਟੂਰਨਾਮੈਂਟ ਵਿੱਚ ਉਪ ਜੇਤੂ ਰਹੀ ਸੀ। ਮਾਹਿਰ ਪੀਆਰ ਸ੍ਰੀਜੇਸ਼, ਕ੍ਰਿਸ਼ਨ ਪਾਠਕ, ਗੁਰਿੰਦਰ ਸਿੰਘ, ਅਮਿਤ ਰੋਹਿਦਾਸ, ਸੁਰਿੰਦਰ ਕੁਮਾਰ, ਜਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ ਵੀ ਟੀਮ ਵਿੱਚ ਹਨ।ਮੁੱਖ ਕੋਚ ਗਰਾਹਮ ਰੀਡ ਨੇ ਕਿਹਾ, ‘‘ਐੱਫਆਈਐੱਚ ਹਾਕੀ ਪ੍ਰੋ ਲੀਗ ਦੇ ਇਨ੍ਹਾਂ ਮੈਚਾਂ ਦਾ ਮੰਤਵ ਓਲੰਪਿਕ ਚੋਣ ਲਈ ਟੀਮ ਦਾ ਸਹੀ ਮਿਸ਼ਰਨ ਤਿਆਰ ਕਰਨਾ, ਹਰ ਖਿਡਾਰੀ ਨੂੰ ਆਪਣਾ ਦਾਅਵਾ ਮਜ਼ਬੂਤ ਕਰਨ ਦਾ ਮੌਕਾ ਦੇਣਾ ਅਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਾ ਹੈ ਤਾਂ ਕਿ ਅਸੀਂ ਦੁਨੀਆਂ ਦੀਆਂ ਸਰਵੋਤਮ ਟੀਮਾਂ ਦਾ ਮੁਕਾਬਲਾ ਕਰ ਸਕੀਏ।’’ ਰੀਡ ਨੇ ਕਿਹਾ, ‘‘ਰਾਜ ਕੁਮਾਰ ਪਾਲ ਨੇ ਹਾਲੀਆ ਕੈਂਪ ਵਿੱਚ ਸਿਰਮੌਰ ਪ੍ਰਦਰਸ਼ਨ ਨਾਲ ਟੀਮ ਵਿੱਚ ਥਾਂ ਬਣਾਈ ਹੈ। ਉਸ ਵਿੱਚ ਅਸਧਾਰਨ ਹੁਨਰ ਅਤੇ ਗਤੀ ਹੈ, ਜੋ ਉਸ ਨੂੰ ਵਿਸ਼ਵ ਦੇ ਅੱਵਲ ਦਰਜੇ ਦੀ ਟੀਮ ਬੈਲਜੀਅਮ ਖ਼ਿਲਾਫ਼ ਮੈਚ ਦੌਰਾਨ ਕੰਮ ਆਵੇਗਾ।’’






