Skip to content

ਅਮਿਤ ਪੰਘਾਲ ਨੇ ਓਲੰਪਿਕ ਦੀ ਟਿਕਟ ਕਟਾਈ

Share this story

ਵਿਸ਼ਵ ਚਾਂਦੀ ਦਾ ਤਗ਼ਮਾ ਜੇਤੂ ਅਮਿਤ ਪੰਘਾਲ (52 ਕਿਲੋ) ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ, ਜਦਕਿ ਮਨੀਸ਼ ਕੌਸ਼ਿਕ (63 ਕਿਲੋ) ਅੱਜ ਇੱਥੇ ਏਸ਼ੀਆ/ ਓਸ਼ੇਨੀਆ ਕੁਆਲੀਫਾਇਰ ਦੇ ਕੁਆਰਟਰ ਫਾਈਨਲ ਬਾਊਟ ਵਿੱਚ ਹਾਰਨ ਦੇ ਬਾਵਜੂਦ ਟੋਕੀਓ ਟਿਕਟ ਕਟਾਉਣ ਦੀ ਦੌੜ ਵਿੱਚ ਹੈ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਸਾਕਸ਼ੀ ਚੌਧਰੀ (57 ਕਿਲੋ) ਓਲੰਪਿਕ ਕੋਟਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ।ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਮੁੱਕੇਬਾਜ਼ ਪੰਘਾਲ ਦਾ ਇਹ ਪਹਿਲਾ ਓਲੰਪਿਕ ਹੋਵੇਗਾ। ਮੌਜੂਦਾ ਏਸ਼ਿਆਈ ਖੇਡਾਂ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜੇਤੂ ਪੰਘਾਲ ਨੇ ਕੁਆਰਟਰ ਫਾਈਨਲ ਵਿੱਚ ਫਿਲਪੀਨਸ ਦੇ ਕਾਰਲੋ ਪਾਲਮ ਨੂੰ 4-1 ਨਾਲ ਸ਼ਿਕਸਤ ਦਿੱਤੀ ਅਤੇ ਸੈਮੀਫਾਈਨਲ ਵਿੱਚ ਥਾਂ ਪੱਕੀ ਕੀਤੀ। ਦੂਜੇ ਪਾਸੇ ਵਿਸ਼ਵ ਕਾਂਸੀ ਦਾ ਤਗ਼ਮਾ ਜੇਤੂ ਕੌਸ਼ਿਕ ਕੁਆਰਟਰ ਫਾਈਨਲ ਵਿੱਚ ਮੰਗੋਲੀਆ ਦੇ ਤੀਜਾ ਦਰਜਾ ਪ੍ਰਾਪਤ ਚਿੰਗਜੋਰਿਗ ਬਤਾਰਸੁਖ ਤੋਂ 2-3 ਨਾਲ ਹਾਰ ਗਿਆ। ਕੌਸ਼ਿਕ ਓਲੰਪਿਕ ਕੋਟਾ ਹਾਸਲ ਕਰਨ ਦੀ ਦੌੜ ਵਿੱਚ ਬਰਕਰਾਰ ਹੈ, ਪਰ ਇਸ ਦੇ ਲਈ ਉਸ ਨੂੰ ਕੁਆਰਟਰ ਫਾਈਨਲ ਵਿੱਚ ਹਾਰਨ ਵਾਲੇ ਮੁੱਕੇਬਾਜ਼ ਤੋਂ ਬੌਕਸ-ਆਫ਼ ਵਿੱਚ ਜਿੱਤਣਾ ਹੋਵੇਗਾ ਕਿਉਂਕਿ 63 ਕਿਲੋ ਭਾਰ ਵਰਗ ’ਚੋਂ ਛੇ ਮੁੱਕੇਬਾਜ਼ ਟੋਕੀਓ ਓਲੰਪਿਕ ਦੀ ਟਿਕਟ ਕਟਾਉਣਗੇ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਸਾਕਸ਼ੀ ਅੱਗੇ ਵਧਣ ਵਿੱਚ ਅਸਫਲ ਰਹੀ। ਉਹ ਕੋਰੀਆ ਦੀ ਇਮ ਆਏਜੀ ਨੂੰ ਕੁਆਰਟਰ ਫਾਈਨਲ ਵਿੱਚ ਚੁਣੌਤੀ ਨਹੀਂ ਦੇ ਸਕੀ ਅਤੇ ਸਾਬਕਾ ਵਿਸ਼ਵ ਯੂਥ ਚੈਂਪੀਅਨ ਤੋਂ 0-5 ਨਾਲ ਹਾਰ ਗਈ। ਇਸ ਟੂਰਨਾਮੈਂਟ ਵਿੱਚ 57 ਕਿਲੋ ਮਹਿਲਾ ਵਰਗ ਵਿੱਚ ਸਿਰਫ਼ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਮੁੱਕੇਬਾਜ਼ ਹੀ ਓਲੰਪਿਕ ਸਥਾਨ ਹਾਸਲ ਕਰੇਗੀ। ਹੁਣ ਸਾਕਸ਼ੀ ਨੂੰ ਓਲੰਪਿਕ ਵਿੱਚ ਕੁਆਲੀਫਾਈ ਕਰਨ ਦਾ ਅਗਲਾ ਮੌਕਾ ਮਈ ਵਿੱਚ ਵਿਸ਼ਵ ਕੁਆਲੀਫਾਇਰ ਵਿੱਚ ਮਿਲੇਗਾ, ਬਸ਼ਰਤੇ ਉਸ ਨੂੰ ਇਸ ਦੇ ਲਈ ਚੁਣਿਆ ਜਾਵੇ।

Share this story
WRITTEN BY

BREAKING