ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਮੰਗ
ਐਸ ਏ ਐਸ ਨਗਰ, 4 ਅਕਤੂਬਰ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਕ ਵਫਦ ਨੇ ਮੀਤ ਪ੍ਰਧਾਨ ਪੰਜਾਬ ਸ੍ਰੀ ਮੇਅਰ ਸਿੰਘ ਥੇਹੜੀ ਦੀ ਅਗਵਾਈ ਵਿਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇਕ ਮੰਗ ਪੱਤਰ ਦੇ ਕੇ ਕਿਸਾਨਾ ਦੇ ਮਸਲੇ ਤੁਰੰਤ ਹਲ ਕਰਨ ਦੀ ਮੰਗ ਕੀਤੀ|
ਇਸ ਮੌਕੇ ਸ੍ਰੀ ਥੇਹੜੀ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਕਿਸਾਨਾਂ ਦੇ ਸਾਰੇ ਕਰਜੇ ਸਰਕਾਰ ਨੂੰ ਤੁਰੰਤ ਮਾਫ ਕਰਨੇ ਚਾਹੀਦੇ ਹਨ, ਕਿਉਂਕਿ ਸਰਕਾਰ ਵਲੋਂ ਚੋਣਾਂ ਮੌਕੇ ਇਹ ਕਰਜੇ ਮਾਫ ਕਰਨ ਦਾ ਵਾਅਦਾ ਕੀਤਾ ਗਿਆ ਸੀ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਨਹਿਰੀ ਪਾਣੀ ਉਪਰ ਵਾਟਰ ਟੈਕਸ ਲਗਾ ਦਿਤਾ ਹੈ, ਉਸ ਨੂੰ ਤੁਰੰਤ ਬੰਦ ਕੀਤਾ ਜਾਵੇ| ਇਸ ਤੋਂ ਇਲਾਵਾ ਮੀਟਰ ਲਗਾ ਕੇ ਦਿਤੇ ਜਾ ਰਹੇ ਨਵੇਂ ਕੁਨੈਕਸਨ ਤੁਰੰਤ ਬੰਦ ਕੀਤੇ ਜਾਣ| ਸਰਕਾਰ ਵਲੋਂ ਕਿਸਾਨਾਂ ਨੂੰ ਪਹਿਲਾਂ ਵਾਂਗ ਹੀ ਮੁਫਤ ਬਿਜਲੀ ਪਾਣੀ ਦੀ ਸਹੂਲਤ ਜਾਰੀ ਰਖੀ ਜਾਵੇ|
ਉਹਨਾਂ ਕਿਹਾ ਕਿ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਉਪਰ ਪਾਬੰਦੀ ਲਗਾਈ ਹੋਈ ਹੈ ਪਰ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹਨ, ਕਿਉਂਕਿ ਪਰਾਲੀ ਨੂੰ ਖੇਤ ਵਿਚ ਹੀ ਵਾਹੁਣ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ| ਉਹਨਾਂ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਬਚਾਉਣ ਲਈ ਸਰਕਾਰ ਕਿਸਾਨਾਂ ਨੂੰ ਮੁਆਵਜਾ ਦੇਵੇ| ਉਹਨਾਂ ਕਿਹਾ ਕਿ ਉਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕਹਿਣਗੇ ਕਿ ਉਹ ਕਿਸਾਨਾਂ ਵਲੋਂ ਪਰਾਲੀ ਸਾੜਨ ਲਈ ਮਤੇ ਪਾਉਣ| ਉਹਨਾਂ ਮੰਗ ਕੀਤੀ ਕਿ ਨਰਮੇ ਦੇ ਰੇਟ ਵਿਚ ਵਾਧਾ ਕਰਕੇ ਖਰੀਦ ਜਲਦੀ ਹੋਣੀ ਯਕੀਨੀ ਬਣਾਈ ਜਾਵੇ,ਜੰਗਲੀ ਜਾਨਵਰਾਂ ਅਤੇ ਆਵਾਰਾ ਪਸ਼ੂਆਂ ਦੀ ਸਮਸਿਆ ਦਾ ਹਲ ਕੀਤਾ ਜਾਵੇ|
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਉਹ ਉਹਨਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਦੇਣਗੇ| ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਪਰ ਵਫਦ ਵਿਚ ਸ਼ਾਮਲ ਆਗੂਆਂ ਨੇ ਕਿਹਾ ਕਿ ਉਹ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਜਰੂਰ ਲਾਉਣਗੇ| ਇਸ ਮੌਕੇ ਕਿਸਾਨ ਆਗੂ ਰਵਿੰਦਰ ਸਿੰਘ ਦੇਹਕਲਾਂ, ਬਲਜਿੰਦਰ ਸਿੰਘ ਭਜੌਲੀ, ਬਹਾਦਰ ਸਿੰਘ ਨਿਆਂਮੀਆਂ, ਗਿਆਨ ਸਿੰਘ ਧੜਾਕ, ਜਸਵੀਰ ਸਿੰਘ ੰਘੱਗਾ, ਗੁਰਪਾਲ ਸਿੰਘ ਲਹਿਰੀ, ਗੁਰੱਮੁੱਖ ਸਿੰਘ ਖੂਨੀਮਾਜਰਾ, ਚੇਤੰਨ ਸਿੰਘ ਖੂਨੀਮਾਜਰਾ ਵੀ ਮੌਜੂਦ ਸਨ|