ਜਿਲ੍ਹੇ ਵਿੱਚ ਲਗਾਤਾਰ ਵੱਧ ਰਿਹਾ ਹੈ ਡੇਂਗੂ ਦਾ ਪ੍ਰਕੋਪ
ਡੇਂਗੂ ਦੇ ਮਰੀਜਾਂ ਦਾ ਅੰਕੜਾ 500 ਦੇ ਨੇੜੇ ਪਹੁੰਚਿਆ
ਐਸ ਏ ਐਸ ਨਗਰ, 4 ਅਕਤੂਬਰ (ਸ.ਬ.) ਸ਼ਹਿਰ ਵਿਚ ਸਫਾਈ ਪ੍ਰਬੰਧਾਂ ਦੀ ਘਾਟ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਾੜੀ ਕਾਰਗੁਜਾਰੀ ਕਾਰਨ ਮੁਹਾਲੀ ਸ਼ਹਿਰ ਅਤੇ ਜਿਲ੍ਹਾ ਪੰਜਾਬ ਦਾ ਸਭ ਤੋਂ ਵੱਧ ਡੇਂਗੂ ਪ੍ਰਭਾਵਿਤ ਖੇਤਰ ਬਣ ਗਿਆ ਹੈ ਅਤੇ ਡੇਂਗੂ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਹਾਲਾਤ ਇਹ ਹਨ ਕਿ ਜਿਲ੍ਹੇ ਵਿੱਚ ਡੇਂਗੂ ਦੀ ਬਿਮਾਰੀ ਨਾਲ ਪੀੜਿਤ ਮਰੀਜਾਂ ਦਾ ਅੰਕੜਾ 500 ਦੇ ਨੇੜੇ ਪਹੁੰਚ ਚੁੱਕਿਆ ਹੈ ਅਤੇ ਇਸ ਨਾਲ ਸਥਿਤੀ ਦੀ ਗੰਭੀਰਤਾ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ| ਸ਼ਹਿਰ ਦੀਆਂ ਵੱਖ ਵੱਖ ਸਮੱਸਿਆਵਾਂ ਦੇ ਹਲ ਲਈ ਜਾਣੇ ਜਾਂਦੇ ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਕਹਿੰਦੇ ਹਨ ਕਿ ਨਗਰ ਨਿਗਮ ਦੇ ਅਧਿਕਾਰੀ ਸਵੱਛ ਭਾਰਤ ਮੁਹਿੰਮ ਦੇ ਤਹਿਤ ਫੋਟੋਆਂ ਖਿਚਵਾਉਣ ਵਿਚ ਰੁੱਝੇ ਹੋਏ ਹਨ ਅਤੇ ਪਿਛਲੇ ਇੱਕ ਮਹੀਨੇ ਤੋਂ ਮੱਛਰ ਮਾਰ ਦਵਾਈ ਦਾ ਛਿੜਕਾਅ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਸ਼ਹਿਰ ਵਿਚ ਮੱਛਰਾਂ ਦੀ ਫੌਜ ਵਿਚ ਬੇਤਹਾਸ਼ਾ ਵਾਧਾ ਹੋਇਆ ਅਤੇ ਵੱਡੀ ਗਿਣਤੀ ਵਿਚ ਲੋਕ ਡੇਂਗੂ ਦੀ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ|
ਸ੍ਰ. ਬੇਦੀ ਨੇ ਕਿਹਾ ਕਿ ਇਸ ਵੇਲੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚ ਡੇਂਗੂ ਦੇ ਵੱਡੀ ਗਿਣਤੀ ਮਰੀਜ ਹਨ| ਉਹਨਾਂ ਕਿਹਾ ਕਿ ਫੇਜ਼ 3ਬੀ-2 ਵਿੱਚ (ਉਹਨਾਂ ਦੇ ਵਾਰਡ ਵਿਚ ਪੈਂਦੇ) 10 ਮਰਲਾ ਅਤੇ 8 ਮਰਲਾ ਮਕਾਨਾਂ ਵਿਚ 2 ਦਰਜਨ ਦੇ ਕਰੀਬ ਲੋਕ ਡੇਂਗੂ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ| ਉਹਨਾਂ ਕਿਹਾ ਕਿ ਇਸਦਾ ਸਭ ਤੋਂ ਵੱਡਾ ਕਾਰਣ ਸ਼ਹਿਰ ਵਿਚ ਮੱਛਰ ਮਾਰ ਦਵਾਈ ਦਾ ਲੋੜੀਂਦਾ ਛਿੜਕਾਅ ਨਾ ਹੋਣਾ ਹੈ ਜਿਸ ਕਾਰਨ ਸ਼ਹਿਰ ਵਿਚ ਡੇਂਗੂ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ|
ਸ੍ਰ. ਬੇਦੀ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਮੁਹਾਲੀ ਜਿਲ੍ਹੇ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਦੇਸ਼ ਭਰ ਵਿੱਚ ਪਹਿਲਾ ਸਥਾਨ ਮਿਲਿਆ ਹੈ ਉੱਥੇ ਇਸ ਜਿਲ੍ਹੇ ਵਿਚ ਡੇਂਗੂ ਦੇ ਮਰੀਜਾਂ ਦੀ ਗਿਣਤੀ ਵੀ ਪੰਜਾਬ ਵਿਚ ਸਭ ਤੋਂ ਵੱਧ ਹੈ| ਜਿਸ ਸਥਿਤੀ ਦੀ ਗੰਭੀਰਤਾ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ|
ਉਹਨਾਂ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਕੈਂਪ ਲਗਾ ਕੇ ਲੋਕਾਂ ਦੀ ਜਾਂਚ ਕੀਤੀ ਜਾਵੇ ਅਤੇ ਡੇਂਗੂ ਦੇ ਵੱਧ ਪ੍ਰਭਾਵ ਵਾਲੇ ਖੇਤਰਾਂ ਵਿਚ ਮਰੀਜਾਂ ਨੂੰ ਦਵਾਈਆਂ ਵੰਡੀਆਂ ਜਾਣ| ਇਸਦੇ ਨਾਲ ਹੀ ਉਹਨਾਂ ਮੰਗ ਕੀਤੀ ਹੈ ਕਿ ਨਿਗਮ ਵੱਲੋਂ ਸ਼ਹਿਰ ਵਿੱਚ ਮੱਛਰ ਮਾਰ ਦਵਾਈ ਦਾ ਸਪ੍ਰੇਅ ਕਰਨ ਦੀ ਰਫਤਾਰ ਵਧਾਈ ਜਾਵੇ ਅਤੇ ਸ਼ਹਿਰ ਵਿੱਚ ਡੇਂਗੂ ਦੀ ਵੱਧਦੀ ਬਿਮਾਰੀ ਨੂੰ ਰੋਕਣ ਲਈ ਅਸਰਦਾਰ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ ਵਰਨਾ ਸਵੱਛਤਾ ਮੁਹਿੰਮ ਤਹਿਤ ਮਿਲਣ ਵਾਲੇ ਪੁਰਸਕਾਰਾਂ ਦਾ ਕੋਈ ਅਰਥ ਨਹੀਂ ਹੈ|
ਸੰਪਰਕ ਕਰਨ ਤੇ ਜਿਲ੍ਹਾ ਮੁਹਾਲੀ ਦੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੁਹਾਲੀ ਜਿਲ੍ਹੇ ਵਿਚ ਪੰਜਾਬ ਦੇ ਹੋਰਨਾਂ ਜਿਲ੍ਹਿਆ ਦੇ ਮੁਕਾਬਲੇ ਮਰੀਜ ਜਿਆਦਾ ਹਨ ਪ੍ਰੰਤੂ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਪਿਛਲੇ ਸਾਲ ਇਸ ਸਮੇਂ ਤਕ ਜਿਲ੍ਹੇ ਵਿਚ ਡੇਂਗੂ ਦੇ 1600 ਤੋਂ ਵੱਧ ਮਰੀਜ ਦਰਜ ਹੋਏ ਸਨ ਜਦੋਂ ਕਿ ਇਸ ਵਾਰ ਸਿਹਤ ਵਿਭਾਗ ਦੀ ਮਿਹਨਤ ਨਾਲ ਇਹ ਅੰਕੜਾ ਕਾਫੀ ਹੇਠਾਂ ਆਇਆ ਹੈ| ਹੁਣ ਤੱਕ 476 ਮਰੀਜ ਰਿਕਾਰਡ ਹੋਏ ਹਨ| ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਡੇਂਗੂ ਮੱਛਰ ਦਾ ਲਾਰਵਾ ਖਤਮ ਕਰਨ ਲਈ ਪ੍ਰਭਾਵਿਤ ਖੇਤਰਾਂ ਵਿਚ ਵਿਸ਼ੇਸ਼ ਸਪ੍ਰੇ ਕੀਤਾ ਜਾਂਦਾ ਹੈ| ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਇਕੱਠੇ ਹੋਣ ਵਾਲੇ ਪਾਣੀ ਵਿੱਚ ਲਾਰਵਾ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਂਦਾ ਹੈ ਤਾਂ ਜੋ ਡੇਂਗੂ ਦੀ ਬਿਮਾਰੀ ਤੇ ਕਾਬੂ ਕੀਤਾ ਜਾ ਸਕੇ|