ਕਾਂਗਰਸੀ ਐਮ.ਪੀ. ਔਜਲਾ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਬਚਾ ਰਿਹੈ : ਸ. ਮਜੀਠੀਆ
ਅਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ‘ਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਮ ਅਤੇ ਰਾਜ ਦੇ ਮਾਹੋਲ ਨੂੰ ਖਰਾਬ ਕਰਦਿਆਂ ਅਸਥਿਰਤਾ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਏਜੰਡਾ ਬਾਰੇ ਕਿਹਾ ਕਿ ਬੀਤੇ ਦੌਰਾਨ ਰਾਜ ‘ਚ ਹੋਈਆਂ ਵਿਸਫੋਟਕ ਗਤੀ ਵਿਧੀਆਂ ‘ਚ ਸਾਮਿਲ ਗੈਰ ਸਮਾਜੀ ਤੱਤਾਂ ਦੀਆਂ ਤਾਰਾਂ ਕਾਂਗਰਸ ਦੇ ਮੈਂਬਰ ਪਾਲੀਮੈਂਟ, ਮੰਤਰੀਆਂ ਅਤੇ ਵਿਧਾਇਕਾਂ ਨਾਲ ਜੁੜੀਆਂ ਹੋਈਆਂ ਹਨ। ਕਾਂਗਰਸੀਆਂ ਵਲੋਂ ਗੈਰ ਸਮਾਜੀ ਤੱਤਾਂ ਨੂੰ ਉਤਸ਼ਾਹਤ ਕਰਦਿਆਂ ਪੂਰੀ ਸ਼ਹਿ, ਸਰਪ੍ਰਸਤੀ ਸਿਆਸੀ ਲਾਭ ਅਤੇ ਲੋਕਾਂ ‘ਚ ਦਹਿਸ਼ਤ ਪੈਦਾ ਕਰਨ ਲਈ ਵਰਤੋ ਕਰਨ ਦਾ ਉਨਾਂ ਸਬੂਤਾਂ ਸਹਿਤ ਖੁਲਾਸਾ ਕੀਤਾ ਹੈ। ਉਹਨਾਂ ਅਗੇ ਕਿਹਾ ਕਿ ਸੱਚ ਦੀ ਲੜਾਈ ਹਿੱਕ ਠੋਕ ਕੇ ਲੜੀ ਜਾਵੇਗੀ, ਇਸ ਪਖੋਂ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਭਾਵੇ ਨਤੀਜਾ ਕੁਝ ਵੀ ਆਵੇ। ਰਾਜ ਵਿਚ ਹੋਈਆਂ ਵਿਸਫੋਟਕ ਮਾਮਲਿਆਂ ਪ੍ਰਤੀ ਕੇਦਰੀ ਏਜੰਸੀ ਤੋਂ ਨਿਰਪਖ ਜਾਂਚ ਕਰਾ ਕੇ ਸੱਚ ਸਭ ਦੇ ਸਾਹਮਣੇ ਲਿਆਉਣ ਤੋਂ ਇਲਾਵਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨ। ਉਹਨਾਂ ਦਸਿਆ ਕਿ ਕਾਂਗਰਸੀ ਆਗੂਆਂ ਦੀ ਦਖਲ ਅੰਦਾਜ਼ੀ ਕਾਰਨ ਪੁਲੀਸ ‘ਤੇ ਸਿਆਸੀ ਦਬਾਅ ਦੇ ਚਲਦਿਆਂ ਬੀਤੇ ਦੌਰਾਨ ਹੋਈਆਂ ਵਿਸਫੋਟਕ ਮਾਮਲਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਨਜਿੱਠਿਆ ਗਿਆ ਅਤੇ ਨਾ ਹੀ ਸੱਚ ਸਾਹਮਣੇ ਆਉਣ ਦਿਤਾ ਗਿਆ, ਜੇ ਸਹੀ ਤਰੀਕੇ ਨਾਲ ਲਿਆ ਹੁੰਦਾ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਕੇਸ ਨੂੰ ਰਫਾਦਫਾ ਕਰਨ ਲਈ ਅਮ੍ਰਿਤਸਰ ਦੇ ਕਾਂਗਰਸੀ ਲੋਕ ਸਭਾ ਮੈਬਰ ਗੁਰਜੀਤ ਸਿੰਘ ਔਜਲਾ ਵੱਲੋਂ ਪੁਲਿਸ ‘ਤੇ ਦਬਾਅ ਬਣਾਇਆ ਜਾਰਿਹਾ ਹੈ। ਉਸ ਦੀ ਮਾਮਲੇ ਵਿੱਚ ਦੋਸ਼ੀ ਗੁਰਜੰਟ ਸਿੰਘ ਅਤੇ ਗੁਰਭੇਜ ਸਿੰਘ ਨਾਲ ਨਜਦੀਕੀ ਰਿਸ਼ਤੇਦਾਰੀ ਹੈ। ਇਸ ਮੌਕੇ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਵੀਰ ਸਿੰਘ ਲੋਪੋਕੇ, ਤਲਬੀਰ ਸਿੰਘ ਗਿਲ, ਮਲਕੀਤ ਸਿੰਘ ਏ ਆਰ, ਡਾ: ਦਲਬੀਰ ਸਿੰਘ ਵੇਰਕਾ, ਰਵੀ ਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿਕਾ, ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਜੋਧ ਸਿੰਘ ਸਮਰਾ, ਜਸਪਾਲ ਸਿੰਘ ਸ਼ੰਟੂ ਅਤੇ ਪ੍ਰੋ: ਸਰਚਾਂਦ ਸਿੰਘ ਵੀ ਹਾਜਰ ਸਨ।






