ਭਾਰਤੀ ਕੁੜੀਆਂ ਨੇ ਵੈੱਸਟ ਇੰਡੀਜ਼ ਨੂੰ 53 ਦੌੜਾਂ ਨਾਲ ਹਰਾਇਆ
ਪੂਨਮ ਰਾਉਤ ਦੇ ਅਰਧ ਸੈਂਕੜੇ ਦੀ ਬਦੌਲਤ ਐਤਵਾਰ ਨੂੰ ਇੱਥੇ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੇ ਦੂਜੇ ਇਕ ਰੋਜ਼ਾ ਕੌਮਾਂਤਰੀ ਮੈਚ ਵਿਚ ਸਪਿੰਨਰ ਦੇ ਸਹਾਰੇ ਵੈੱਸਟ ਇੰਡੀਜ਼ ਤੋਂ 53 ਦੌੜਾਂ ਨਾਲ ਜਿੱਤ ਹਾਸਲ ਕੀਤੀ। ਭਾਰਤ ਦੇ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵੈਸਟ ਇੰਡੀਜ਼ ਦੀ ਟੀਮ 47.2 ਓਵਰਾਂ ਵਿਚ 138 ਦੌੜਾਂ ’ਤੇ ਢੇਰ ਹੋ ਗਈ। ਇਹ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ।ਖੱਬੇ ਹੱਥ ਦੀ ਸਪਿੰਨਰ ਰਾਜੇਸ਼ਵਰੀ ਗਾਇਕਵਾੜ (27 ਦੌੜਾਂ ’ਤੇ 2 ਵਿਕਟਾਂ), ਲੈੱਗ ਸਪਿੱਨਰ ਪੂਨਮ ਯਾਦਵ (26 ਦੌੜਾਂ ‘ਤੇ 2) ਅਤੇ ਆਫ ਸਪਿੱਨਰ ਦੀਪਤੀ ਸ਼ਰਮਾ (25 ਦੌੜਾਂ ’ਤੇ 2) ਨੇ ਮੇਜ਼ਬਾਨ ਟੀਮ ਦੀ ਪਾਰੀ ਨੂੰ ਸਮੇਟਣ ਲਈ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਮਾੜੀ ਸ਼ੁਰੂਆਤ ਕੀਤੀ। ਟੀਮ ਨੇ ਜਲਦੀ ਹੀ ਸਲਾਮੀ ਬੱਲੇਬਾਜ਼ ਪ੍ਰਿਆ ਪੂਨੀਆ (5) ਅਤੇ ਜੈਮਿਮਾ ਰੋਡਰਿਗਜ਼ ਦੀਆਂ ਵਿਕਟਾਂ ਗੁਆ ਦਿੱਤੀਆਂ ਅਤੇ ਟੀਮ ਦਾ ਸਕੋਰ ਨੌਂ ਓਵਰਾਂ ਵਿੱਚ ਦੋ ਵਿਕਟਾਂ ’ਤੇ 17 ਦੌੜਾਂ ਸੀ। ਪੂਨਮ (77), ਕਪਤਾਨ ਮਿਤਾਲੀ ਰਾਜ (40) ਅਤੇ ਉਪ ਕਪਤਾਨ ਹਰਮਨਪ੍ਰੀਤ ਕੌਰ (46) ਨੇ ਚੰਗੀ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਸ਼ਾਨਦਾਰ ਸਕੋਰ ਤੱਕ ਪਹੁੰਚਾਇਆ। ਪੂਨਮ ਅਤੇ ਮਿਤਾਲੀ ਨੇ ਤੀਜੀ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ ਚਾਰ-ਚਾਰ ਚੌਕੇ ਮਾਰੇ। ਸ਼ਨੀਤਾ ਗ੍ਰਿਮੋਂਡ ਨੇ 29ਵੇਂ ਓਵਰ ਵਿੱਚ ਮਿਤਾਲੀ ਨੂੰ ਆਊਟ ਕਰ ਕੇ ਸਾਂਝੇਦਾਰੀ ਤੋੜ ਦਿੱਤੀ। ਵੈਸਟ ਇੰਡੀਜ਼ ਲਈ ਆਲੀਆ ਨੇ (38 ਦੌੜਾਂ ’ਤੇ 2 ਵਿਕਟਾਂ) ਅਤੇ ਏਫੀ ਫਲੇਚਰ (32 ਦੌੜਾਂ ‘ਤੇ 2) ਜਦੋਂਕਿ ਸ਼ਬੀਕਾ ਗਜ਼ਨਬੀ (23 ਦੌੜਾਂ ‘ਤੇ 1) ਅਤੇ ਗ੍ਰਿਮੋਂਡ ਨੇ (22 ਦੌੜਾਂ ‘ਤੇ 1) ਵਿਕਟ ਲਿਆ। ਟੀਚੇ ਦਾ ਪਿੱਛਾ ਕਰਨ ਲਈ ਵੈਸਟ ਇੰਡੀਜ਼ ਦੀ ਸ਼ੁਰੂਆਤ ਵੀ ਮਾੜੀ ਰਹੀ। ਟੀਮ ਨੇ ਚੌਥੇ ਓਵਰ ਵਿੱਚ ਹੀ ਸਲਾਮੀ ਬੱਲੇਬਾਜ਼ ਸਟੇਸੀ ਆਨ ਕਿੰਗ (6) ਉੱਤੇ ਵਿਕਟ ਗੁਆ ਦਿੱਤੀ। ਉਸ ਨੂੰ ਸ਼ਿਖਾ ਪਾਂਡੇ (19 ਦੌੜਾਂ ‘ਤੇ 1) ਨੇ ਆਊਟ ਕੀਤਾ। ਮੇਜ਼ਬਾਨ ਟੀਮ ਨੂੰ 25ਵੇਂ ਓਵਰ ਵਿਚ ਇਕ ਵੱਡਾ ਝਟਕਾ ਲੱਗਾ ਜਦੋਂ ਸਲਾਮੀ ਬੱਲੇਬਾਜ਼ ਨਤਾਸ਼ਾ ਮੈਕਲਿਨ (15) ਪਵੇਲੀਅਨ ਪਰਤ ਗਈ। ਕਪਤਾਨ ਸਟੀਫਨੀ ਟੇਲਰ (20) ਅਤੇ ਸ਼ੈਮੈਨ ਕੈਂਪਬੈਲ (39) ਨੇ ਫਿਰ ਪਾਰੀ ਸੰਭਾਲ ਲਈ ਪਰ ਦੌੜਾਂ ਦੀ ਰਫ਼ਤਾਰ ਵਧਾਉਣ ਵਿਚ ਅਸਫ਼ਲ ਰਿਹਾ।






