ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਉਣ ਮਗਰੋਂ ਅੱਤਵਾਦੀ ਘਟਨਾਵਾਂ ਨਾ ਦੇ ਬਰਾਬਰ : ਰਾਜਨਾਥ
ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਦੇ ਜ਼ਿਆਦਾਤਰ ਪ੍ਰਬੰਧ ਹਟਾਏ ਜਾਣ ਦੇ ਬਾਅਦ ਤੋਂ ਅੱਤਵਾਦੀ ਘਟਨਾਵਾਂ ‘ਨਾ ਦੇ ਬਰਾਬਰ’ ਹੋਈਆਂ ਹਨ ਅਤੇ ਰਾਜ ਵਿੱਚ ਸਥਿਤੀ ਤੇਜ਼ੀ ਨਾਲ ਆਮ ਹੋ ਰਹੀ ਹੈ| ਰਾਜਨਾਥ ਨੇ ਲੋਕ ਸਭਾ ਵਿੱਚ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਫੌਜ, ਸਥਾਨਕ ਪੁਲੀਸ, ਨੀਮ ਫੌਜੀ ਫੋਰਸ ਅਤੇ ਹੋਰ ਫੋਰਸਾਂ ਦੇ ਜਵਾਨ ਬਿਹਤਰ ਤਾਲਮੇਲ ਨਾਲ ਕਾਰਵਾਈ ਕਰ ਰਹੇ ਹਨ| ਕਾਂਗਰਸ ਮੈਂਬਰ ਕੇ.ਸੁਰੇਸ਼ ਨੇ ਸਿਫ਼ਰਕਾਲ ਵਿੱਚ ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਚੁੱਕਿਆ ਅਤੇ ਉੱਥੇ ਧਾਰਾ-370 ਹਟਾਏ ਜਾਣ ਦੇ ਬਾਅਦ ਵੀ ਅੱਤਵਾਦੀ ਹਮਲਿਆਂ ਅਤੇ ਉਨ੍ਹਾਂ ਵਿੱਚ ਲੋਕਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਤੇ ਚਿੰਤਾ ਜ਼ਾਹਰ ਕੀਤੀ| ਇਸ ਦਾ ਜਵਾਬ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ,”ਜਿੱਥੇ ਤੱਕ ਦੇਸ਼ ਵਿੱਚ ਅੱਤਵਾਦੀ ਵਾਰਦਾਤਾਂ ਦੀ ਗੱਲ ਹੈ ਤਾਂ ਸਾਰੇ ਇਸ ਗੱਲ ਨੂੰ ਮੰਨਣਗੇ ਕਿ ਪਿਛਲੇ ਸਾਢੇ 5 ਸਾਲਾਂ ਵਿੱਚ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ ਵਿੱਚ ਕਿਤੇ ਕੋਈ ਵੱਡੀ ਅੱਤਵਾਦੀ ਘਟਨਾ ਨਹੀਂ ਵਾਪਰੀ|” ਉਨ੍ਹਾਂ ਕਿਹਾ,”ਜਿੱਥੇ ਤੱਕ ਜੰਮੂ-ਕਸ਼ਮੀਰ ਦੀ ਗੱਲ ਹੈ ਤਾਂ ਪਿਛਲੇ 30-35 ਸਾਲਾਂ ਤੋਂ ਰਾਜ ਵਿੱਚ ਅੱਤਵਾਦੀ ਘਟਨਾਵਾਂ ਹੁੰਦੀਆਂ ਰਹੀਆਂ ਹਨ|” ਉਹਨਾਂ ਕਿਹਾ,”ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਅੱਤਵਾਦੀ ਘਟਨਾਵਾਂ ਨਾ ਦੇ ਬਰਾਬਰ ਹੋਈਆਂ ਹਨ ਪਰ ਜੇਕਰ ਕੋਈ ਅੱਤਵਾਦੀ ਘਟਨਾ ਹੋਈ ਹੈ ਤਾਂ ਇਹ ਨਿੰਦਣਯੋਗ ਹੈ|” ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਫੌਜ, ਸਥਾਨਕ ਪੁਲਸ, ਨੀਮ ਫੌਜੀ ਫੌਰਸ ਅਤੇ ਹੋਰ ਫੋਰਸਾਂ ਦੇ ਜਵਾਨ ਪੂਰੀ ਤਰ੍ਹਾਂ ਨਾਲ ਬਿਹਤਰ ਤਾਲਮੇਲ ਨਾਲ ਮਿਲ ਕੇ ਪ੍ਰਭਾਵੀ ਕਾਰਵਾਈ ਕਰ ਰਹੇ ਹਨ| ਉਹਨਾਂ ਨੇ ਕਿਹਾ ਕਿ ਕਸ਼ਮੀਰ ਵਿੱਚ ਤੇਜ਼ੀ ਨਾਲ ਹਾਲਾਤ ਆਮ ਹੋ ਰਹੇ ਹਨ|






