May 4, 2026
#ਖੇਡਾਂ

ਨਿਊਜ਼ੀਲੈਂਡ ’ਚ ਪਹਿਲੀ ਟੀ-20 ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਭਾਰਤ

ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਮੈਚ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਟੀ-20 ਕੌਮਾਂਤਰੀ ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ। ਮਹਿਮਾਨ ਟੀਮ ਨੇ ਹੁਣ ਤੱਕ ਹਰੇਕ ਵਿਭਾਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਪੰਜ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਦੋ ਮੁਕਾਬਲੇ ਕ੍ਰਮਵਾਰ ਛੇ ਅਤੇ ਸੱਤ ਵਿਕਟਾਂ ਨਾਲ ਜਿੱਤੇ ਹਨ। ਜੇਕਰ ਭਾਰਤ ਸੈਡਨ ਪਾਰਕ ਵਿੱਚ ਲਗਾਤਾਰ ਤੀਜਾ ਮੈਚ ਜਿੱਤ ਜਾਂਦਾ ਹੈ ਤਾਂ ਉਹ ਨਿਊਜ਼ੀਲੈਂਡ ਦੀ ਧਰਤੀ ’ਤੇ ਪਹਿਲੀ ਵਾਰ ਟੀ-20 ਲੜੀ ਜਿੱਤਣ ਵਿੱਚ ਸਫਲ ਰਹੇਗਾ। ਇਸ ਤੋਂ ਪਹਿਲਾਂ ਦੋ ਮੌਕਿਆਂ ’ਤੇ ਉਹ ਇਹ ਉਪਲੱਬਧੀ ਹਾਸਲ ਕਰਨ ਵਿੱਚ ਨਾਕਾਮ ਰਿਹਾ ਸੀ। ਭਾਰਤ 2008-09 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ 0-2 ਨਾਲ, ਜਦਕਿ ਬੀਤੇ ਸਾਲ 1-2 ਨਾਲ ਲੜੀ ਹਾਰ ਗਿਆ ਸੀ।ਭਾਰਤ ਦੀ ਇਹ ਟੀਮ ਇਸ ਵੇਲੇ ਬਿਹਤਰੀਨ ਲੈਅ ਵਿੱਚ ਹੈ ਅਤੇ ਇੱਕ ਰੋਜ਼ਾ ਵਿਸ਼ਵ ਕੱਪ-2019 ਮਗਰੋਂ ਉਸ ਨੇ ਜੋ ਪੰਜ ਟੀ-20 ਲੜੀਆਂ ਖੇਡੀਆਂ ਹਨ, ਉਨ੍ਹਾਂ ਵਿੱਚ ਬਾਕਮਾਲ ਪ੍ਰਦਰਸ਼ਨ ਕੀਤਾ ਹੈ। ਇਸ ਵਿੱਚ ਮੌਜੂਦਾ ਲੜੀ ਵੀ ਸ਼ਾਮਲ ਹੈ। ਇਸ ਦੌਰਾਨ ਉਸ ਨੇ ਸਿਰਫ਼ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ਨਹੀਂ ਜਿੱਤੀ। ਇਹ ਲੜੀ 1-1 ਨਾਲ ਬਰਾਬਰ ਰਹੀ ਸੀ, ਜਦਕਿ ਇੱਕ ਮੈਚ ਮੀਂਹ ਨੇ ਧੋ ਦਿੱਤਾ ਸੀ।ਟੀ-20 ਕ੍ਰਿਕਟ ਵਿੱਚ ਚੰਗੀ ਲੈਅ ਵਿੱਚ ਹੋਣ ਦੇ ਬਾਵਜੂਦ ਭਾਰਤ ਆਈਸੀਸੀ ਦਰਜਾਬੰਦੀ ਵਿੱਚ ਅਜੇ ਵੀ ਪੰਜਵੇਂ ਸਥਾਨ ’ਤੇ ਹੈ। ਉਸ ਨੂੰ ਚੌਥੇ ਨੰਬਰ ’ਤੇ ਪਹੁੰਚਣ ਲਈ ਇਹ ਲੜੀ 5-0 ਨਾਲ ਜਿੱਤਣੀ ਹੋਵੇਗੀ। ਨਿਊਜ਼ੀਲੈਂਡ ਇਸ ਸਮੇਂ ਛੇਵੇਂ ਨੰਬਰ ’ਤੇ ਹੈ, ਜਦੋਂਕਿ ਪਾਕਿਸਤਾਨ, ਆਸਟਰੇਲੀਆ, ਇੰਗਲੈਂਡ ਅਤੇ ਦੱਖਣੀ ਅਫਰੀਕਾ ਦਰਜਾਬੰਦੀ ਸੂਚੀ ਵਿੱਚ ਭਾਰਤ ਤੋਂ ਅੱਗੇ ਹਨ। ਇਸ ਸਮੇਂ ਸਾਰਿਆਂ ਦੀਆਂ ਨਜ਼ਰਾਂ ਆਸਟਰੇਲੀਆ ਵਿੱਚ ਮੌਜੂਦਾ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਤੇ ਹਨ। ਭਾਰਤੀ ਟੀਮ ਪ੍ਰਬੰਧ ਨੂੰ ਭਰੋਸਾ ਹੈ ਕਿ ਉਹ ਇਸ ਅਹਿਮ ਟੂਰਨਾਮੈਂਟ ਤੋਂ ਪਹਿਲਾਂ ਸਮੇਂ ਸਿਰ ਚੀਜ਼ਾਂ ਠੀਕ ਕਰ ਲਵੇਗਾ। ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਦੇ ਪ੍ਰਦਰਸ਼ਨ ਨਾਲ ਭਾਰਤ ਦਾ ਹੌਸਲਾ ਵਧਿਆ ਹੈ। ਇਸ ਨੂੰ ਵੇਖਦਿਆਂ ਤੀਜੇ ਮੈਚ ਲਈ ਭਾਰਤੀ ਟੀਮ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ। ਕਪਤਾਨ ਵਿਰਾਟ ਕੋਹਲੀ, ਕੇਐੱਲ ਰਾਹੁਲ, ਯੁਜ਼ਵੇਂਦਰ ਚਾਹਲ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਨੇ ਅੱਜ ਦੇ ਅਭਿਆਸ ਸੈਸ਼ਨ ਵਿੱਚ ਹਿੱਸਾ ਨਹੀਂ ਲਿਆ। ਟੀਮ ਪ੍ਰਬੰਧ ਉਨ੍ਹਾਂ ਖਿਡਾਰੀਆਂ ਨਾਲ ਕੰਮ ਕਰ ਰਿਹਾ ਹੈ, ਜਿਨ੍ਹਾਂ ਨੂੰ ਅਜੇ ਤੱਕ ਲੜੀ ’ਚ ਖੇਡਣ ਦਾ ਮੌਕਾ ਨਹੀਂ ਮਿਲਿਆ।