ਨਿਊਜ਼ੀਲੈਂਡ ਖਿਲਾਫ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ
ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ ਨਿਊਜ਼ੀਲੈਂਡ ਵਿਰੁੱਧ 2 ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ| ਭਾਰਤੀ ਟੀਮ ਵਿੱਚ ਰੋਹਿਤ ਸ਼ਰਮਾ ਦੀ ਥਾਂ ਮਯੰਕ ਅਗਰਵਾਲ ਨੂੰ ਮੌਕਾ ਦਿੱਤਾ ਗਿਆ ਹੈ| ਰੋਹਿਤ ਸ਼ਰਮਾ ਬੀਤੇ ਐਤਵਾਰ ਨੂੰ ਅੰਤਮ ਟੀ20 ਮੈਚ ਦੌਰਾਨ ਜ਼ਖਮੀ ਹੋ ਗਏ ਸਨ| ਉਹ 3 ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚੋਂ ਵੀ ਬਾਹਰ ਹੋ ਗਏ ਹਨ| ਟੀਮ ਵਿੱਚ ਲੰਮੇ ਸਮੇਂ ਬਾਅਦ ਪ੍ਰਿਥਵੀ ਸ਼ਾਅ ਦੀ ਵਾਪਸੀ ਹੋਈ ਹੈ, ਜਦਕਿ ਇਸ਼ਾਂਤ ਸ਼ਰਮਾ ਨੂੰ ਫਿਟਨੈਸ ਟੈਸਟ ਪਾਸ ਕਰ ਲੈਣ ਦੀ ਸ਼ਰਤ ਤੇ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ| ਦੋਵਾਂ ਟੀਮਾਂ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ 21 ਫਰਵਰੀ ਤੋਂ ਖੇਡੀ ਜਾਣੀ ਹੈ| ਪਹਿਲਾ ਮੈਚ ਵੈਲਿੰਗਟਨ ਵਿੱਚ 21 ਤੋਂ 25 ਫਰਵਰੀ ਤੱਕ ਖੇਡਿਆ ਜਾਵੇਗਾ| ਜਦਕਿ ਦੂਜਾ ਮੈਚ ਕ੍ਰਾਈਸਟਚਰਚ ਵਿੱਚ 29 ਫਰਵਰੀ ਤੋਂ 4 ਮਾਰਚ ਤੱਕ ਖੇਡਿਆ ਜਾਵੇਗਾ|ਟੈਸਟ ਟੀਮ ਦੀ ਕਪਤਾਨੀ ਵਿਰਾਟ ਕੋਹਲੀ ਨੂੰ ਦਿੱਤੀ ਗਈ ਹੈ| ਅਜਿੰਕਿਆ ਰਹਾਣੇ ਟੀਮ ਦੇ ਉਪ ਕਪਤਾਨ ਹੋਣਗੇ| ਕੇ.ਐਲ. ਰਾਹੁਲ ਨੂੰ ਟੈਸਟ ਸੀਰੀਜ਼ ਵਿੱਚ ਆਰਾਮ ਦਿੱਤਾ ਗਿਆ ਹੈ| ਟੀ20 ਲੜੀ ਵਿੱਚ ਸ਼ਾਮਿਲ ਕੀਤੇ ਗਏ ਨਵਦੀਪ ਸੈਣੀ ਨੂੰ ਵੀ ਟੈਸਟ ਟੀਮ ਵਿੱਚ ਥਾਂ ਦਿੱਤੀ ਗਈ ਹੈ| ਪ੍ਰਿਥਵੀ ਸ਼ਾਅ ਨੇ ਡੋਪਿੰਗ ਕਾਰਨ 8 ਮਹੀਨਿਆਂ ਦੀ ਲੱਗੀ ਪਾਬੰਦੀ ਤੋਂ ਬਾਅਦ ਘਰੇਲੂ ਕ੍ਰਿਕਟ ਵਿੱਚ ਵਾਪਸੀ ਕੀਤੀ ਹੈ| ਸ਼ਾਅ ਨੇ ਪਾਬੰਦੀ ਤੋਂ ਬਾਅਦ ਆਪਣੇ ਪਹਿਲੇ ਮੈਚ ਵਿੱਚ ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਅਸਾਮ ਵਿਰੁੱਧ 39 ਗੇਂਦਾਂ ਵਿੱਚ 63 ਦੌੜਾਂ ਬਣਾਈਆਂ ਸਨ| ਇਸ ਦੇ ਨਾਲ ਹੀ ਉਸ ਨੇ ਇਸ ਟੂਰਨਾਮੈਂਟ ਵਿੱਚ ਦੋ ਹੋਰ ਅਰਧ ਸੈਂਕੜੇ ਲਗਾਏ| ਟੈਸਟ ਲੜੀ ਲਈ ਰੋਹਿਤ ਸ਼ਰਮਾ ਅਤੇ ਕੇ.ਐਲ. ਰਾਹੁਲ ਦੀ ਗੈਰ-ਮੌਜੂਦਗੀ ਵਿੱਚ ਭਾਰਤ ਕੋਲ ਮਯੰਕ ਅਗਰਵਾਲ, ਸ਼ੁਭਮਨ ਗਿੱਲ ਅਤੇ ਪ੍ਰਿਥਵੀ ਸ਼ਾਅ ਦੇ ਰੂਪ ਵਿੱਚ ਤਿੰਨ ਸਲਾਮੀ ਬੱਲੇਬਾਜ਼ ਮੌਜੂਦ ਹੋਣਗੇ| ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ|






