June 18, 2026
#ਦੇਸ਼ ਦੁਨੀਆਂ

ਤੁਰਕੀ ਜਹਾਜ਼ ਹਾਦਸੇ ਵਿੱਚ 1 ਵਿਅਕਤੀ ਦੀ ਮੌਤ, 157 ਜ਼ਖਮੀ

ਤੁਰਕੀ ਦੇ ਇਸਤਾਂਬੁਲ ਦੇ ਸਬੀਹਾ ਗੋਕਸੇਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਯਾਤਰੀ ਜਹਾਜ਼ ਲੈਂਡਿੰਗ ਦੌਰਾਨ ਰਨਵੇਅ ਤੇ ਤਿਲਕਣ ਕਾਰਨ ਤਿੰਨ ਹਿੱਸਿਆਂ ਵਿੱਚ ਟੁੱਟ ਗਿਆ| ਇਸ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਵੀ ਅੱਗ ਲੱਗ ਗਈ| ਜਹਾਜ਼ ਵਿਚ 177 ਵਿਅਕਤੀ ਸਵਾਰ ਸਨ, ਜਿਹਨਾਂ ਵਿਚ 171 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਨ| ਹਾਦਸੇ ਵਿਚ ਹੁਣ ਤੱਕ ਇਕ ਵਿਅਕਤੀ ਦੇ ਮਰਨ ਦੀ ਖਬਰ ਹੈ ਜਦਕਿ 150 ਤੋਂ ਵੱਧ ਜ਼ਖਮੀ ਦੱਸੇ ਗਏ ਹਨ| ਬੋਇੰਗ 737 ਦਾ ਇਹ ਜਹਾਜ਼ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਵਿੱਚ ਲੈਂਡਿੰਗ ਦੀ ਕੋਸ਼ਿਸ਼ ਕਰ ਰਿਹਾ ਸੀ| ਜਾਣਕਾਰੀ ਮੁਤਾਬਕ ਜਹਾਜ਼ ਨੇ ਇਮਜਿਰ ਸ਼ਹਿਰ ਤੋਂ ਉਡਾਣ ਭਰੀ ਸੀ ਅਤੇ ਇਸਤਾਂਬੁਲ ਦੇ ਸਬੀਹਾ ਗੋਜੇਨ ਹਵਾਈ ਅੱਡੇ ਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ| ਹਾਦਸੇ ਮਗਰੋਂ ਐਮਰਜੈਂਸੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ| ਘਟਨਾ ਦੇ ਬਾਅਦ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਉਹਨਾਂ ਵਿੱਚ ਕੁਝ ਲੋਕ ਜਹਾਜ਼ ਦੇ ਪਿਛਲੇ ਹਿੱਸੇ ਵਿਚੋਂ ਬਾਹਰ ਨਿਕਲਦੇ ਦੇਖੇ ਜਾ ਸਕਦੇ ਹਨ| ਇਹ ਜਾਣਕਾਰੀ ਵੀ ਮਿਲੀ ਹੈ ਕਿ ਹਾਦਸੇ ਦੇ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹੋਰ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ| ਸਥਾਨਕ ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਜ਼ਿਆਦਾਤਰ ਲੋਕ ਤੁਰਕੀ ਦੇ ਸਨ| ਭਾਵੇਂਕਿ ਲੱਗਭਗ 20 ਵਿਦੇਸ਼ੀ ਨਾਗਰਿਕ ਵੀ ਸਵਾਰ ਸਨ| ਇਹਨਾਂ ਵਿਚ 4 ਅਮਰੀਕੀ, 4 ਚੀਨੀ ਨਾਗਰਿਕ ਵੀ ਸਨ| ਇਸਤਾਂਬੁਲ ਦੇ ਗਵਰਨਰ ਅਲੀ ਯੇਰਲੀਕਾਯਾ ਨੇ ਕਿਹਾ, ”ਬਦਕਿਸਮਤੀ ਨਾਲ ਪੇਗਾਸਸ ਏਅਰਲਾਈਨਜ਼ ਦਾ ਜਹਾਜ਼ ਖਰਾਬ ਮੌਸਮ ਕਾਰਨ ਰਨਵੇਅ ਤੇ ਲੱਗਭਗ 50-60 ਮੀਟਰ ਤੱਕ ਤਿਲਕਦਾ ਗਿਆ| ਸਿਹਤ ਮੰਤਰੀ ਫਹਾਰਟਿਨ ਕੋਜ਼ਾ ਨੇ ਤੁਰਕੀ ਦੇ ਇਕ ਨਾਗਰਿਕ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ| ਆਵਾਜਾਈ ਮੰਤਰੀ ਮੇਹਮਤ ਜਾਹਿਰਾ ਤੁਰਹਾਨ ਨੇ ਕਿਹਾ,”ਜ਼ਖਮੀ ਹੋਏ ਲੋਕਾਂ ਵਿਚ ਇਕ ਦੱਖਣੀ ਕੋਰੀਆ ਦਾ ਨਾਗਰਿਕ ਵੀ ਹੈ| ਇਸਤਾਂਬੁਲ ਦੇ ਸਰਕਾਰੀ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ|