Skip to content

ਪਾਕਿਸਤਾਨ ਨੇ ਭਾਰਤ ਨਾਲ ਦੁਵੱਲਾ ਵਪਾਰ ਰੋਕਿਆ

Share this story

ਵਾਹਗਾ ਬਾਰਡਰ ਬੰਦ ਕਰਨ ਦੀ ਤਿਆਰੀ : ਰਿਪੋਰਟ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਰਾਸ਼ਟਰੀ ਸੁਰੱਖਿਆ ਕਮੇਟੀ ਨਾਲ ਕੀਤੀ ਗਈ ਮੀਟਿੰਗ ‘ਚ ਭਾਰਤ ਨਾਲ ਕੂਟਨੀਤਕ ਸਬੰਧ ਘਟਾਉਣ, ਦੁਵੱਲੇ ਵਪਾਰ ਬੰਦ ਕਰਨ ਅਤੇ ਦੁਵੱਲੇ ਪ੍ਰਬੰਧਾਂ ਦੀ ਸਮੀਖਿਆ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕਿਹਾ ਕਿ ਉਹ ਕਸ਼ਮੀਰ ਸਬੰਧੀ ਭਾਰਤ ਦੀ ਕਾਰਵਾਈ ਨੂੰ ਲੈ ਕੇ ਸੁਰੱਖਿਆ ਪ੍ਰੀਸ਼ਦ ਸਮੇਤ ਸੰਯੁਕਤ ਰਾਸ਼ਟਰ ਵਿੱਚ ਇਸ ਮੁੱਦੇ ਨੂੰ ਚੁੱਕੇਗਾ। ਇਸ ਤੋਂ ਇਲਾਵਾ ਪਾਕਿ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚ ਧਾਰਾ-370 ਅਤੇ 35ਏ ਹਟਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਦੇ ਦਰਮਿਆਨ ਪਾਕਿਸਤਾਨ ਸਰਕਾਰ ਨੇ ਵਾਹਗਾ ਬਾਰਡਰ ਬੰਦ ਕਰਨ ਦੀ ਗੱਲ ਕੀਤੀ ਹੈ। ਰਿਪੋਰਟ ਮੁਤਾਬਿਕ ਪਾਕਿਸਤਾਨ ਵੱਡਾ ਅਤੇ ਸਖਤ ਕਦਮ ਚੁੱਕਦੇ ਹੋਏ ਵਾਹਗਾ ਸਰਹੱਦ ਬੰਦ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਭਾਰਤ ਵੱਲੋਂ ਸੰਸਦ ‘ਚ ਜੰਮੂ-ਕਸ਼ਮੀਰ ਪੁਨਰਗਠਨ ਐਕਟ ਪਾਸ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਪੰਜਾਬ ਬਾਰਡਰ ਨਾਲ ਲੱਗਦੀ ਵਾਹਘਾ ਸਰਹੱਦ ਰਾਹੀਂ ਹੋਣ ਰਹੇ ਕਾਰੋਬਾਰ ਨੂੰ ਬੰਦ ਕਰਨ ਦਾ ਵਿਚਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਗੁਆਂਢੀ ਮੁਲਕ ਨਾਲ ਸੱਭਿਆਚਾਰ ਰਿਸ਼ਤੇ ਵੀ ਤੋੜ ਸਕਦਾ ਹੈ। ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਇਨ੍ਹਾਂ ਗੱਲਾਂ ‘ਤੇ ਵਿਚਾਰ ਕੀਤਾ ਗਿਆ ਹੈ ਅਤੇ ਇਸੇ ਮੀਟਿੰਗ ਦੌਰਾਨ ਭਾਰਤ ‘ਚ ਮੌਜੂਦ ਰਾਜਦੂਤ ਨੂੰ ਵੀ ਵਾਪਸ ਬੁਲਾਏ ਜਾਣ ‘ਤੇ ਸਹਿਮਤੀ ਹੋਈ ਹੈ। ਪਾਕਿਸਤਾਨੀ ਮੀਡੀਆ ਦੀਆਂ ਖ਼ਬਰਾਂ ਦੇ ਮੁਤਾਬਕ ਬਾਰਡਰ ਨੂੰ ਬੰਦ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਜੇਕਰ ਪਾਕਿਸਤਾਨ ਇਸ ਫੈਸਲੇ ਨੂੰ ਅਮਲੀਜਾਮਾ ਪਵਾਉਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਕਰਤਾਰਪੁਰ ਸਾਹਿਬ ਲਈ ਬਣਾਏ ਜਾ ਰਹੇ ਕੋਰੀਡੋਰ ‘ਤੇ ਵੀ ਪੈ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਵਪਾਰ ‘ਚ ਵਾਹਘਾ ਸਰਹੱਦ ਜ਼ਰੀਏ ਹੋਣ ਵਾਲੇ ਵਪਾਰ ਦਾ ਇੱਕ ਵੱਡਾ ਹਿੱਸਾ ਹੈ ਅਤੇ ਸਬਜ਼ੀਆਂ, ਫਲ ਤੋਂ ਇਲਾਵਾ ਹੋਰ ਕਈ ਤਰ੍ਹਾਂ ਦਾ ਸਾਮਾਨ ਵਾਹਘਾ ਜ਼ਰੀਏ ਹੀ ਭੇਜਿਆ ਜਾਂਦਾ ਹੈ। ਹਾਲਾਂਕਿ ਭਾਰਤ ਵੱਲੋਂ ਪਾਕਿਸਤਾਨ ਦੀਆਂ ਵਸਤਾਂ ‘ਤੇ ਲਗਾਈ ਗਈ 200 ਫੀਸਦੀ ਦਰਾਮਦ ਕਰ ਤੋਂ ਬਾਅਦ ਪਾਕਿਸਤਾਨ ਤੋਂ ਚੁਨਿੰਦਾ ਚੀਜ਼ਾਂ ਹੀ ਭਾਰਤ ਆ ਰਹੀਆਂ ਸਨ ਪਰ ਭਾਰਤ ਵੱਲੋਂ ਅਜੇ ਵੀ ਪਾਕਿਸਤਾਨ ਨੂੰ ਕਾਫੀ ਸਾਮਾਨ ਭੇਜਿਆ ਜਾ ਰਿਹਾ ਹੈ ਜੋ ਇਸ ਫੈਸਲੇ ਤੋਂ ਬਾਅਦ ਪ੍ਰਭਾਵਿਤ ਹੋਵੇਗਾ।

Share this story
WRITTEN BY

BREAKING