ਅਲਕਾ ਲਾਂਬਾ ਕਾਂਗਰਸ ’ਚ ਹੋਵੇਗੀ ਸ਼ਾਮਲ
ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਨੂੰ ਅਲਵਿਦਾ ਆਖਣ ਮਗਰੋਂ ਚਾਂਦਨੀ ਚੌਕ ਤੋਂ ਸਾਬਕਾ ਵਿਧਾਇਕ ਅਲਕਾ ਲਾਂਬਾ ਨੇ ਅੱਜ ਕਿਹਾ ਕਿ ਉਹ ਸ਼ਨਿਚਰਵਾਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਵੇਗੀ। ਅਲਕਾ ਨੇ ਸ਼ੁੱਕਰਵਾਰ ਨੂੰ ਹੀ ਕਾਂਗਰਸ ਵਿੱਚ ਸ਼ਾਮਲ ਹੋ ਜਾਣਾ ਸੀ ਪਰ ਕੁਝ ਕਾਰਨਾਂ ਕਰਕੇ ਇੰਜ ਨਹੀਂ ਹੋ ਸਕਿਆ। ਅਲਕਾ ਨੇ ਕਿਹਾ,‘‘ਅੱਜ ਮੈਂ ਕਿਸੇ ਕਾਰਨ ਕਾਂਗਰਸ ’ਚ ਸ਼ਾਮਲ ਨਹੀਂ ਹੋ ਸਕਾਂਗੀ। ਹੁਣ ਮੈਂ ਕੱਲ੍ਹ ਸ਼ਨਿਚਰਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਲਵਾਂਗੀ।’’ ਅਲਕਾ ਨੇ 6 ਸਤੰਬਰ ਨੂੰ ‘ਆਪ’ ਨੂੰ ਅਲਵਿਦਾ ਆਖ ਦਿੱਤਾ ਸੀ। ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੀ ਪ੍ਰਧਾਨਗੀ ਜਿੱਤਣ ਵਾਲੀ ਅਲਕਾ ਨੇ ਕਾਂਗਰਸ ਲਈ 20 ਸਾਲ ਕੰਮ ਕੀਤਾ ਸੀ ਪਰ ਪਾਰਟੀ ਵਿੱਚ ਬਣਦੀ ਥਾਂ ਨਾ ਮਿਲਣ ਕਰ ਕੇ ਉਹ ‘ਆਪ’ ਵਿੱਚ ਸ਼ਾਮਲ ਹੋ ਗਈ ਸੀ। ‘ਆਪ’ ਨਾਲ ਉਸ ਦੀ ਨਾਰਾਜ਼ਗੀ ਉਦੋਂ ਵਧੀ ਸੀ ਜਦੋਂ ਵਿਧਾਨ ਸਭਾ ਵਿੱਚ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਮਰਹੂਮ ਰਾਜੀਵ ਗਾਂਧੀ ਦੇ ਭਰਤ ਰਤਨ ਦੀ ਵਾਪਸੀ ਦਾ ਮਤਾ ਪੇਸ਼ ਕੀਤਾ ਸੀ। ਇਸ ਦੇ ਵਿਰੋਧ ’ਚ ਅਲਕਾ ਨੇ ਸਦਨ ਦਾ ਬਾਈਕਾਟ ਕਰ ਦਿੱਤਾ ਸੀ। 19 ਸਤੰਬਰ ਨੂੰ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਅਲਕਾ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਸੀ। ਦੂਜੇ ਪਾਸੇ ‘ਆਪ’ ਨੇ ਅਲਕਾ ਤੋਂ 2015 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਚਾਰ ਵਾਰ ਵਿਧਾਇਕ ਰਹੇ ਪ੍ਰਹਿਲਾਦ ਸਿੰਘ ਸਾਹਨੀ ਨੂੰ ਪਾਰਟੀ ਵਿੱਚ ਬੀਤੇ ਦਿਨੀਂ ਸ਼ਾਮਲ ਕਰ ਲਿਆ ਹੈ। ਕਿਆਸ ਲਾਏ ਜਾ ਰਹੇ ਹਨ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਵੇਂ ਆਗੂ ਚੋਣ ਮੈਦਾਨ ਵਿੱਚ ਮੁੜ ਆਹਮੋ-ਸਾਹਮਣੇ ਹੋਣਗੇ।






