May 24, 2026
#ਮਨੋਰੰਜਨ

ਆਮਿਰ ਦੀ ਫ਼ਿਲਮ ਲਈ ਅਕਸ਼ੈ ਨੇ ‘ਬਚਨ ਪਾਂਡੇ’ ਦੀ ਰਿਲੀਜ਼ ਅੱਗੇ ਪਾਈ

ਸੁਪਰਸਟਾਰ ਆਮਿਰ ਖ਼ਾਨ ਨੇ ਫ਼ਿਲਮ ‘ਬਚਨ ਪਾਂਡੇ’ ਦੀ ਰਿਲੀਜ਼ ਅੱਗੇ ਪਾਉਣ ਲਈ ਅਦਾਕਾਰ ਅਕਸ਼ੈ ਕੁਮਾਰ ਤੇ ਨਿਰਮਾਤਾ ਸਾਜਿਦ ਨਾਡਿਆਵਾਲਾ ਦਾ ਸ਼ੁਕਰੀਆ ਅਦਾ ਕੀਤਾ ਹੈ। ਦੱਸਣਯੋਗ ਹੈ ਕਿ ਆਮਿਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਕ੍ਰਿਸਮਸ ’ਤੇ ਅਕਸ਼ੈ ਦੀ ਫ਼ਿਲਮ ਨਾਲ ਭਿੜ ਰਹੀ ਸੀ। 54 ਸਾਲਾ ਅਦਾਕਾਰ ਆਮਿਰ ਦੀ ਫ਼ਿਲਮ ਹਾਲੀਵੁੱਡ ਅਦਾਕਾਰ ਟੌਮ ਹੈਂਕਸ ਦੀ ਫ਼ਿਲਮ ‘ਫੌਰੈਸਟ ਗੰਪ’ ਦਾ ਹਿੰਦੀ ਰੂਪਾਂਤਰ ਹੈ। ਆਮਿਰ ਨੇ ਟਵਿੱਟਰ ’ਤੇ ਲਿਖਿਆ ‘ਕਈ ਵਾਰ ਬਸ ਇਕ ਵਾਰ ਗੱਲ ਕੀਤੀ ਹੀ ਕਾਫ਼ੀ ਹੁੰਦੀ ਹੈ। ਮੇਰੀ ਬੇਨਤੀ ’ਤੇ ਫ਼ਿਲਮ ਬਚਨ ਪਾਂਡੇ ਦੀ ਰਿਲੀਜ਼ ਅੱਗੇ ਪਾਉਣ ਲਈ ਧੰਨਵਾਦ ਮੇਰੇ ਮਿੱਤਰ ਅਕਸ਼ੈ ਕੁਮਾਰ ਤੇ ਸਾਜਿਦ ਨਾਡਿਆਵਾਲਾ। ਮੈਂ ਉਨ੍ਹਾਂ ਨੂੰ ਫ਼ਿਲਮ ਲਈ ਸ਼ੁੱਭ ਇੱਛਾਵਾਂ ਦਿੰਦਾ ਹਾਂ।’ ਅਕਸ਼ੈ (52) ਨੇ ਫ਼ਿਲਮ ‘ਬਚਨ ਪਾਂਡੇ’ ਦੀ ਨਵੀਂ ਰਿਲੀਜ਼ ਤਰੀਕ ਤੇ ਪੋਸਟਰ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਤੇ ਕਿਹਾ ਕਿ ਫ਼ਿਲਮ ਸਨਅਤ ਵਿਚਲੇ ਆਪਣੇ ਮਿੱਤਰਾਂ ਲਈ ਉਹ ਹਮੇਸ਼ਾ ਹਾਜ਼ਰ ਹਨ। ‘ਲਾਲ ਸਿੰਘ ਚੱਢਾ’ ਵਿਚ ਆਮਿਰ ਨਾਲ ਕਰੀਨਾ ਕਪੂਰ ਖ਼ਾਨ ਮੁੱਖ ਭੂਮਿਕਾ ਨਿਭਾ ਰਹੀ ਹੈ। ਜਦਕਿ ਅਕਸ਼ੈ ਨਾਲ ਕ੍ਰਿਤੀ ਸੈਨਨ ਦੀ ਅਹਿਮ ਭੂਮਿਕਾ ਹੈ। ਅਕਸ਼ੈ ਨੇ ਨਾਲ ਹੀ ਐਲਾਨ ਕੀਤਾ ਕਿ ਉਸ ਦੀ ਫ਼ਿਲਮ ‘ਬੈੱਲ ਬੌਟਮ’ ਜੋ ਪਹਿਲਾਂ 22 ਜਨਵਰੀ, 2021 ਨੂੰ ਰਿਲੀਜ਼ ਹੋਣੀ ਸੀ, ਹੁਣ ਦੋ ਅਪਰੈਲ 2021 ਨੂੰ ਰਿਲੀਜ਼ ਹੋਵੇਗੀ।