AGGE DI ROSHNI
ਅੱਗੇ ਦੀ ਰੋਸ਼ਨੀ
ਇੱਕ ਵਾਰ ਇੱਕ ਦਰਿਆ ਦੇ ਕੰਢੇ ਤੇ ਕੁਝ ਲੋਕ ਦਰਿਆ ਪਾਰ ਕਰਨ ਲਈ ਬੇੜੀ ਦੀ ਉਡੀਕ ਕਰ ਰਹੇ ਸੀ। ਜਿਉਂ ਹੀ ਬੇੜੀ ਦੂਸਰੇ ਕਿਨਾਰੇ ਤੋਂ ਆ ਕੇ ਪੱਤਣ ਤੇ ਲੱਗੀ। ਛੇਤੀ-ਛੇਤੀ ਲੋਕ ਦਰਿਆ ਪਾਰ ਕਰਨ ਲਈ ਬੇੜੀ ਵਿੱਚ ਬੈਠ ਗਏ। ਉਨ੍ਹਾਂ ਲੋਕਾਂ ਵਿੱਚੋਂ ਇੱਕ ਅੱਗੇ ਦੀ ਸੋਚ ਰੱਖਣ ਵਾਲ ਵਿਅਕਤੀ ਵੀ ਜਦੋਂ ਬੇੜੀ ਵਿੱਚ ਸੁਆਰ ਹੋਇਆ ਤਾਂ ਉਸ ਨੇ ਆਲੇ ਦੁਆਲੇ ਬੈਠੇ ਲੋਕਾਂ ਵੱਲ ਝਾਤੀ ਮਾਰੀ। ਇੱਕ ਇਸਤਰੀ ਬੱਚੇ ਸਮੇਤ ਬੇੜੀ ਵਿਚ ਸੁਆਰ ਸੀ ਤੇ ਬੱਚੇ ਦੇ ਹੱਥ ਵਿੱਚ ਫੁੱਲੀਆਂ ਵਾਲਾ ਲਿਫਾਫਾ ਸੀ। ਇੱਕ ਵਿਅਕਤੀ ਬਾਂਦਰ ਨੂੰ ਲੈ ਕੇ, ਇੱਕ ਹੱਥ ਵਿੱਚ ਡੰਡਾ ਲੈ ਕੇ ਬੈਠਾ ਹੋਇਆ ਸੀ। ਬੇੜੀ ਦੇ ਦੂਜੇ ਖੂੰਜੇ ਵਿੱਚ ਇੱਕ ਵਿਅਕਤੀ ਊਠ ਸਮੇਤ ਸੀ। ਸਾਰੀ ਸਥਿਤੀ ਨੂੰ ਭਾਂਪਣ ਉਪਰੰਤ ਅਗਾਂਹ ਦੀ ਰੋਸ਼ਨੀ ਰੱਖਣ ਵਾਲਾ ਵਿਅਕਤੀ ਬੇੜੀ ਦੇ ਚੱਲਣ ਤੋਂ ਪਹਿਲਾਂ ਹੀ ਬੇੜੀ ਤੋਂ ਉੱਤਰ ਗਿਆ। ਸਾਰੇ ਲੋਕ ਉਸਨੂੰ ਪੁੱਛਦੇ ਹਨ ਕਿ ਕੀ ਉਸ ਨੇ ਪਾਰ ਨਹੀਂ ਜਾਣਾ ਹੈ? ਉਸ ਵਿਅਕਤੀ ਨੇ ਉੱਤਰ ਦਿੱਤਾ ਕਿ ਇਹ ਬੇੜੀ ਪਾਰ ਨਹੀਂ ਲੱਗਣੀ ਸਗੋਂ ਅੱਧ ਵਿਚਕਾਰ ਡੁੱਬ ਜਾਣੀ ਹੈ। ਕਿਸੇ ਵੀ ਵਿਅਕਤੀ ਨੇ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਏਨੇ ਚਿਰ ਨੂੰ ਇੱਕ ਹੋਰ ਵਿਅਕਤੀ ਵੀ ਉਸ ਦੀ ਗੱਲ ਦੀ ਪਰਖ ਕਰਨ ਲਈ (ਜੋ ਪੱਤਣ ਤੇ ਪਹਿਲਾਂ ਤੋਂ ਮੌਜੂਦ ਸੀ) ਉਤਸੁਕਤਾ ਨਾਲ ਉਸ ਵਿਅਕਤੀ ਨਾਲ ਗੱਲਾਂ ਸੁਣਨ ਲੱਗਾ। ਏਨੇ ਚਿਰ ਨੂੰ ਬੇੜੀ ਦਰਿਆ ਦੇ ਅੱਧ ਵਿੱਚ ਜਾ ਕੇ ਡੁੱਬ ਗਈ। ਹੁਣ ਪੱਤਣ ਤੇ ਮੌਜੂਦ ਵਿਅਕਤੀ ਨੇ ਅੱਗੇ ਦੀ ਰੌਸ਼ਨੀ ਰੱਖਣ ਵਾਲੇ ਵਿਅਕਤੀ ਨੂੰ ਪੁੱਛਿਆ ਕਿ ਗੱਲ ਜ਼ਰਾ ਖੋਲ੍ਹ ਕੇ ਸਮਝਾਉ ਕਿ ਤਹਾਨੂੰ ਕਿੱਦਾ ਪਤਾ ਸੀ ਕਿ ਬੇੜੀ ਦਰਿਆ ਵਿੱਚ ਡੁੱਬ ਜਾਣੀ ਹੈ। ਉਸ ਨੇ ਬੜੇ ਠਰ੍ਹੰਮੇ ਨਾਲ ਦਸਿਆ ਭਰਾਵਾ ਮੈਂ ਵੀ ਤੇਰੇ ਵਰਗਾ ਹੀ ਇਨਸਾਨ ਹਾਂ। ਫ਼ਰਕ ਸਿਰਫ਼ ਏਨਾ ਹੈ ਕਿ ਮੈਂ ਬੇੜੀ ਵਿੱਚ ਬੈਠ ਕੇ ਜਦੋਂ ਆਪਣੇ ਆਲੇ ਦੁਆਲੇ ਜ਼ਰਾ ਗੰਭੀਰਤਾ ਨਾਲ ਦੇਖਿਆ ਤੇ ਮੈਨੂੰ ਸਮਝ ਆ ਗਈ ਕਿ ਬੇੜੀ ਜਰੂਰ ਡੁੱਬੇਗੀ ਕਿਉਂਕਿ ਬੇੜੀ ਵਿੱਚ ਸੁਆਰ ਇਸਤਰੀ ਦੇ ਬੱਚੇ ਦੇ ਹੱਥ ਵਿੱਚ ਫੁੱਲੀਆਂ ਦਾ ਲਿਫਾਫਾ ਹੈ, ਉਸਨੇ ਫੁਲੀਆਂ ਖਾਣ ਲੱਗ ਪੈਣਾ ਹੈ ਤੇ ਬਾਂਦਰ ਨੂੰ ਫੁੱਲੀਆਂ ਪਸੰਦ ਹਨ, ਉਸਨੇ ਬੱਚੇ ਤੋਂ ਲਿਫਾਫਾ ਖੋਹਣ ਦਾ ਯਤਨ ਕਰਨਾ ਹੈ ਤੇ ਬਾਂਦਰ ਦੇ ਮਾਲਕ ਨੇ ਹਟਾਉਣ ਲਈ ਬਾਂਦਰ ਨੂੰ ਡਾਂਗ ਨਾਲ ਵਰਜਣਾ ਹੈ ਤੇ ਬਾਂਦਰ ਨੇ ਡਰ ਕੇ ਊਠ ਦੀ ਪਿੱਠ ਤੇ ਬੈਠ ਜਾਣਾ ਤੇ ਉਸਨੂੰ ਪਿੱਠ ਤੋਂ ਉਤਾਰਨ ਲਈ ਊਠ ਨੇ ਖੱਬੇ ਜਾਂ ਸੱਜੇ ਵੱਲ ਕਰਵਟ ਲੈਣੀ ਹੈ। ਜਿਸ ਪਾਸੇ ਊਠ ਨੇ ਕਰਵਟ ਲਈ ਉਸ ਪਾਸੇ ਬੇੜੀ ਉਲਾਰੂ ਹੋ ਕੇ ਡੁੱਬ ਜਾਣੀ ਹੈ। ਬੱਸ ਏਨਾ ਹੀ ਗਿਆਨ ਸੀ। ਸੋ ਸੱਜਣੋ ਗੱਲ ਤਾਂ ਵੇਲਾ ਨਾਲ ਵਿਚਾਰਨ ਦੀ ਹੁੰਦੀ ਹੈ, ਕੁਵੇਲੇ ਦੀਆਂ ਤਾਂ ਟੱਕਰਾਂ ਹੁੰਦੀਆਂ ਹਨ। ਹਰੇਕ ਮਨੁੱਖ ਨੂੰ ਕੁਦਰਤ ਨੇ ਦਿਮਾਗ ਰੂਪੀ ਦੀਵਾ ਦੇ ਕੇ ਭੇਜਿਆ ਹੈ ਉਹ ਗੱਲ ਵੱਖਰੀ ਹੈ ਕਿ ਕੋਈ ਇਸਦਾ ਇਸਤੇਮਾਲ ਕਰਦਾ ਹੈ ਤੇ ਕੋਈ ਅਜਿਹਾ ਕਰਨ ਵਿੱਚ ਅਵੇਸਲਾ ਹੋ ਕੇ ਨੁਕਸਾਨ ਕਰਵਾ ਬਹਿੰਦਾ ਹੈ। ਫੈਸਲਾ ਮਨੁੱਖ ਦੇ ਹੱਥ ਹੈ ਕਿ ਉਸਨੇ ਕਿਹੜਾ ਰਾਹ ਚੁਣਨਾ ਹੈ।
ਰਾਜ ਕੁਮਾਰ ਸਾਹੋਵਾਲੀਆ
8968240914