ਪ੍ਰੀਕਸ਼ਿਤ ਵੱਲੋਂ ਬਲਰਾਜ ਸਾਹਨੀ ’ਤੇ ਲਿਖੀ ਕਿਤਾਬ ਰਿਲੀਜ਼
ਅਦਾਕਾਰ ਪ੍ਰੀਕਸ਼ਿਤ ਸਾਹਨੀ ਦਾ ਕਹਿਣਾ ਹੈ ਕਿ ਸਟਾਰ ਕਲਾਕਾਰਾਂ ਦੇ ਪੁੱਤਰਾਂ ਲਈ ਆਪਣੇ ਪਿਤਾ ਦੀ ਕਾਮਯਾਬੀ ਨੂੰ ਦੁਹਰਾਉਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਸਾਰਾ ਕੁਝ ਥਾਲੀ ’ਚ ਸਜਿਆ ਹੋਇਆ ਮਿਲਦਾ ਹੈ ਤੇ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪੈਂਦੀ। ਪ੍ਰੀਕਸ਼ਿਤ ਸਾਹਨੀ ਨੇ ਅੱਜ ਦਿੱਲੀ ਵਿਚ ਆਪਣੇ ਪਿਤਾ ਤੇ ਬੌਲੀਵੁੱਡ ਦੇ ਮਹਾਨ ਅਦਾਕਾਰ ਬਲਰਾਜ ਸਾਹਨੀ ’ਤੇ ਲਿਖੀ ਕਿਤਾਬ ‘ਦੀ ਨਾਨ-ਕਨਫਰਮਿਸਟ: ਮੈਮਰੀਜ਼ ਆਫ਼ ਮਾਈ ਫਾਦਰ ਬਲਰਾਜ ਸਾਹਨੀ’ ਰਿਲੀਜ਼ ਕਰਦਿਆਂ ਕਿਹਾ ਕਿ ਉਹ ਖ਼ੁਦ ਨੂੰ ਵੀ ‘ਇਨ੍ਹਾਂ ਵਿਗੜੇ ਹੋਏ ਪੁੱਤਾਂ’ ਦੇ ਵਰਗ ਵਿਚ ਰੱਖਦੇ ਹਨ। ਉਨ੍ਹਾਂ ਇਸ ਮੌਕੇ ਕਿਹਾ ਕਿ ਸਟਾਰ ਅਦਾਕਾਰਾਂ ਦੇ ਪੁੱਤਰਾਂ ਨੂੰ ਫ਼ਿਲਮ ਸਨਅਤ ’ਚ ਆਪਣੇ ਪਿਤਾ ਜਿਹੀ ਵੱਡੀ ਸਫ਼ਲਤਾ ਨਹੀਂ ਮਿਲੀ ਕਿਉਂਕਿ ਸ਼ਾਇਦ ਉਹ ਸੰਘਰਸ਼ ਦੀ ਪ੍ਰਕਿਰਿਆ ਵਿਚੋਂ ਨਹੀਂ ਲੰਘੇ।ਪ੍ਰੀਕਸ਼ਿਤ ਨੇ ਸੁਨੀਲ ਦੱਤ, ਅਮਿਤਾਭ ਬੱਚਨ ਤੇ ਧਰਮਿੰਦਰ ਦੇ ਸੰਘਰਸ਼ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਜੇ ਕੋਈ ਉਨ੍ਹਾਂ ਦੇ ਪਿਤਾ ਬਲਰਾਜ ਦੀ ਜੀਵਨੀ ਪੜ੍ਹੇ ਤਾਂ ਅੰਤਾਂ ਦਾ ਸੰਘਰਸ਼ ਨਜ਼ਰ ਆਉਂਦਾ ਹੈ।






