ਅਮਿਤਾਭ ਬਚਨ ਵਲੋਂ ਪਟਨਾ ਹੜ੍ਹ ਪੀੜਤਾਂ ਲਈ 51 ਲੱਖ ਰੁਪਏ ਦਾਨ
ਪਟਨਾ – ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਵਲੋਂ ਪਟਨਾ ਤੇ ਨੇੜਲੇ ਇਲਾਕਿਆਂ ਵਿੱਚ ਆਏ ਹੜ੍ਹਾਂ ਦੇ ਪੀੜਤਾਂ ਦੀ ਮਦਦ ਲਈ ਬਿਹਾਰ ਦੇ ਮੁੱਖ ਮੰਤਰੀ ਰਾਹਤ ਫੰਡ ਲਈ 51 ਲੱਖ ਰੁਪਏ ਦਾਨ ਕੀਤੇ ਗਏ ਹਨ। ਇਸ ਰਾਸ਼ੀ ਦਾ ਚੈੱਕ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਂ ਇੱਕ ਪੱਤਰ ਬੁੱਧਵਾਰ ਨੂੰ ਬਚਨ ਪਰਿਵਾਰ ਦੇ ਨੁਮਾਇੰਦੇ ਵਿਜੇ ਨਾਥ ਮਿਸ਼ਰਾ ਨੇ ਇੱਥੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੂੰ ਸੌਂਪਿਆ। ਦਾਦਾਸਾਹਿਬ ਫਾਲਕੇ ਪੁਰਸਕਾਰ ਲਈ ਚੁਣੇ ਗਏ ਅਦਾਕਾਰ ਅਮਿਤਾਭ ਬਚਨ ਨੇ ਪੱਤਰ ਵਿੱਚ ਲਿਖਿਆ, ‘‘ਬਿਹਾਰ ਸੂਬੇ ਵਿੱਚ ਆਈ ਕੁਦਰਤੀ ਆਫ਼ਤ ਨੇ ਮੈਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਹੜ੍ਹਾਂ ਦਾ ਸ਼ਿਕਾਰ ਹੋਏ ਲੋਕਾਂ ਨਾਲ ਮੇਰੀ ਹਮਦਰਦੀ ਅਤੇ ਪ੍ਰਾਰਥਨਾਵਾਂ।’’ ਉਨ੍ਹਾਂ ਲਿਖਿਆ, ‘‘ਬਿਹਾਰ ਵਿੱਚ ਮਨੁੱਖੀ ਜੀਵਨ ਦੀ ਬਹਾਲੀ ਲਈ ਮੈਂ ਆਪਣਾ ਹੱਥ ਵਧਾਉਂਦਾ ਹਾਂ।’’






