April 24, 2026
#ਮਨੋਰੰਜਨ

‘ਕਸੂਰ’ ਰਾਹੀਂ ਆਖ਼ਰੀ ਵਾਰ ਵਾਪਸੀ ਕਰਨਗੇ ਅਮੋਲ ਪਾਲੇਕਰ

ਨਵੀਂ ਦਿੱਲੀ – ਚੁਣੌਤੀਪੂਰਨ ਭੂਮਿਕਾਵਾਂ ਦੀ ਘਾਟ ਜਾਂ ਫਿਲਮਾਂ ਬਣਾਉਣ ਵਿੱਚ ਰੁੱਝੇ ਹੋਣ ਕਾਰਨ ਪਿਛਲੇ 25 ਸਾਲਾਂ ਤੋਂ ਥੀਏਟਰ ਤੋਂ ਦੂਰ ਚਲੇ ਆ ਰਹੇ ਉੱਘੇ ਅਦਾਕਾਰ ਤੇ ਨਿਰਦੇਸ਼ਕ ਅਮੋਲ ਪਾਲੇਕਰ ਨਾਟਕ ‘ਕਸੂਰ’ ਰਾਹੀਂ ਮੁੜ ਆਖ਼ਰੀ ਵਾਰ ਵਾਪਸੀ ਕਰਨ ਜਾ ਰਹੇ ਹਨ। ਇਸ ਨਾਟਕ ’ਚ ਵੀ ਚੁਣੌਤੀਪੂਰਨ ਭੂਮਿਕਾ ਕਾਰਨ ਉਨ੍ਹਾਂ ਨੇ ਇਕ ਵਾਰ ਮੁੜ ਵਾਪਸੀ ਦਾ ਫ਼ੈਸਲਾ ਲਿਆ ਹੈ। ਪੀਟੀਆਈ ਨਾਲ ਗੱਲਬਾਤ ਦੌਰਾਨ ਅਮੋਲ ਪਾਲੇਕਰ ਨੇ ਕਿਹਾ ਕਿ ਥੀਏਟਰ ਦੀ ਮੰਗ ਅਤੇ ਦਰਸ਼ਕਾਂ ਦੀਆਂ ਆਸਾਂ ਦੀ ਅਨਿਸ਼ਚਿਤਤਾ ਕਾਰਨ ਉਹ ਥੀਏਟਰ ਛੱਡਣ ਤੋਂ ਪਹਿਲਾਂ ਇਸ ਨਾਟਕ ਦੇ ਸਿਰਫ਼ 25 ਸ਼ੋਅ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਥੀਏਟਰ ਲੰਬਾ ਸਮਾਂ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ‘ਕਸੂਰ’ ਉਨ੍ਹਾਂ ਦਾ ਆਖ਼ਰੀ ਨਾਟਕ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਦਰਸ਼ਕਾਂ ਦੀਆਂ ਆਸਾਂ ’ਤੇ ਪੂਰੇ ਉਤਰਗੇ ਜਾਂ ਨਹੀਂ। ਇਹ ਭੂਮਿਕਾ ਕਾਫੀ ਚੁਣੌਤੀਪੂਰਨ ਹੈ ਪਰ ਉਨ੍ਹਾਂ ਨੂੰ ਆਸ ਹੈ ਕਿ ਦਰਸ਼ਕ ਇਸ ਨਾਟਕ ਦਾ ਮਜ਼ਾ ਲੈਣਗੇ ਜਿਵੇਂ ਕਿ ਉਨ੍ਹਾਂ ਨੇ ਇਸ ’ਚ ਰੋਲ ਕਰਦਿਆਂ ਲਿਆ ਹੈ।