ਧਵਨ ਟੀ-20 ਤੇ ਇੱਕ ਰੋਜ਼ਾ ਟੀਮ ’ਚੋਂ ਬਾਹਰ
ਭਾਰਤੀ ਕ੍ਰਿਕਟ ਬੋਰਡ ਨੇ ਨਿਊਜ਼ੀਲੈਂਡ ਦੌਰੇ ਦੌਰਾਨ ਖੇਡੀਆਂ ਜਾਣ ਵਾਲੀਆਂ ਟੀ-20 ਅਤੇ ਇੱਕ ਰੋਜ਼ਾ ਲੜੀਆਂ ਲਈ ਅੱਜ ਟੀਮ ਐਲਾਨ ਦਿੱਤੀ ਹੈ। ਚੋਣਕਾਰਾਂ ਨੇ ਮੋਢੇ ਦੀ ਸੱਟ ਨਾਲ ਜੂਝ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਥਾਂ ਸੰਜੂ ਸੈਮਸਨ ਤੇ ਪ੍ਰਿਥਵੀ ਸ਼ਾਅ ਨੂੰ ਕ੍ਰਮਵਾਰ ਟੀ-20 ਤੇ ਇੱਕ ਰੋਜ਼ਾ ਲੜੀ ਵਿੱਚ ਸ਼ਾਮਲ ਕਰ ਲਿਆ ਹੈ। ਦੂਜੇ ਪਾਸੇ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ 21 ਫਰਵਰੀ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਲਈ ਅਨਫਿੱਟ ਐਲਾਨ ਦਿੱਤਾ ਹੈ। ਉਸ ਦੀ ਥਾਂ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਖੇਡਣ ਦਾ ਮੌਕਾ ਮਿਲ ਸਕਦਾ ਹੈ। ਇਸ ਦੌਰਾਨ ਭਾਰਤੀ ਟੀਮ ਛੇ ਹਫ਼ਤਿਆਂ ਦੇ ਨਿਊਜ਼ੀਲੈਂਡ ਦੌਰੇ ਲਈ ਅੱਜ ਆਕਲੈਂਡ ਪਹੁੰਚ ਗਈ ਹੈ। ਭਾਰਤ ਆਪਣੇ ਦੌਰੇ ਦੀ ਸ਼ੁਰੂਆਤ ਆਕਲੈਂਡ ਤੋਂ ਕਰੇਗਾ, ਜਿੱਥੇ ਸ਼ੁੱਕਰਵਾਰ ਨੂੰ ਪੰਜ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਟੀ-20 ਲੜੀ ਤੋਂ ਇਲਾਵਾ ਭਾਰਤੀ ਟੀਮ ਤਿੰਨ ਇੱਕ ਰੋਜ਼ਾ ਅਤੇ ਦੋ ਟੈਸਟ ਮੈਚ ਵੀ ਖੇਡੇਗੀ। ਟੈਸਟ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ।ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼੍ਰੇਅਸ ਅਈਅਰ ਅਤੇ ਸ਼ਰਦੁਲ ਠਾਕੁਰ ਨਾਲ ਇੰਸਟਾਗ੍ਰਾਮ ’ਤੇ ਫੋਟੋ ਸਾਂਝੀ ਕਰਦਿਆਂ ਲਿਖਿਆ, ‘‘ਆਕਲੈਂਡ ਪਹੁੰਚ ਗਏ।’’ ਭਾਰਤੀ ਟੀਮ ਆਸਟਰੇਲੀਆ ਨੂੰ ਹਰਾ ਕੇ ਹੌਸਲੇ ਨਾਲ ਲਬਰੇਜ਼ ਹੈ। ਟੀਮ ਨੇ ਬੀਤੇ ਸਾਲ ਸੀਮਤ ਓਵਰਾਂ ਦੀ ਲੜੀ ਲਈ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ, ਜਿੱਥੇ ਉਸ ਨੇ ਇੱਕ ਰੋਜ਼ਾ ਲੜੀ ਵਿੱਚ 4-1 ਦੀ ਜਿੱਤ ਮਿਲੀ ਸੀ, ਜਦਕਿ ਟੀ-20 ਕੌਮਾਂਤਰੀ ਲੜੀ ਵਿੱਚ 1-2 ਨਾਲ ਹਾਰ ਝੱਲਣੀ ਪਈ ਸੀ। ਇਸ ਤੋਂ ਪਹਿਲਾਂ ਬੀਸੀਸੀਆਈ ਨੇ ਇੱਕ ਬਿਆਨ ਜਾਰੀ ਕਰਦਿਆਂ ਬੱਲੇਬਾਜ਼ ਸ਼ਿਖਰ ਧਵਨ ਦੇ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਲੜੀ ਨਾ ਖੇਡਣ ਬਾਰੇ ਦੱਸਿਆ ਸੀ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਸੀ, ‘‘ਹਾਂ, ਧਵਨ ਟੀ-20 ਲੜੀ ’ਚੋਂ ਬਾਹਰ ਹੋ ਗਿਆ ਹੈ।’’ ਚੇਤੇ ਰਹੇ ਕਿ ਧਵਨ ਆਸਟਰੇਲੀਆ ਖ਼ਿਲਾਫ਼ ਤੀਜੇ ਤੇ ਫ਼ੈਸਲਾਕੁਨ ਇੱਕ ਰੋਜ਼ਾ ਮੈਚ ਦੌਰਾਨ ਫੀਲਡਿੰਗ ਕਰਦਿਆਂ ਜ਼ਖ਼ਮੀ ਹੋ ਗਿਆ ਸੀ। ਐਕਸਰੇ ਵਿੱਚ ਸੱਟ ਗੰਭੀਰ ਹੋਣ ਦਾ ਪਤਾ ਲੱਗਣ ਮਗਰੋਂ ਕੇਐੱਲ ਰਾਹੁਲ ਨੇ ਰੋਹਿਤ ਸ਼ਰਮਾ ਨਾਲ ਪਾਰੀ ਦਾ ਆਗਾਜ਼ ਕੀਤਾ ਸੀ। ਇਸ ਤੋਂ ਪਹਿਲਾਂ ਦੂਜੇ ਇੱਕ ਰੋਜ਼ਾ ਵਿੱਚ ਬੱਲੇਬਾਜ਼ੀ ਦੌਰਾਨ ਪੈਟ ਕਮਿਨਸ ਦਾ ਬਾਊਂਸਰ ਧਵਨ ਦੀਆਂ ਪੱਸਲੀਆਂ ’ਤੇ ਲੱਗਿਆ ਸੀ। ਉਹ ਬੀਤੇ ਮਹੀਨੇ ਵੈਸਟ ਇੰਡੀਜ਼ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ’ਚੋਂ ਵੀ ਬਾਹਰ ਰਿਹਾ ਸੀ। ਅੰਗੂਠੇ ਦੇ ਫਰੈਕਚਰ ਕਾਰਨ ਉਸ ਨੂੰ ਵਿਸ਼ਵ ਕੱਪ-2019 ’ਚੋਂ ਵੀ ਬਾਹਰ ਹੋਣਾ ਪਿਆ ਸੀ। ਆਸਟਰੇਲੀਆ ਖ਼ਿਲਾਫ਼ ਹਾਲ ਹੀ ਵਿੱਚ ਖ਼ਤਮ ਹੋਈ ਲੜੀ ਦੇ ਪਹਿਲੇ ਦੋ ਮੈਚਾਂ ਵਿੱਚ ਉਸ ਨੇ 96 ਅਤੇ 74 ਦੌੜਾਂ ਬਣਾਈਆਂ ਸਨ।ਦੂਜੇ ਪਾਸੇ ਗਿੱਟੇ ਦੀ ਸੱਟ ਕਾਰਨ ਇਸ਼ਾਂਤ ਵੀ ਨਿਊਜ਼ੀਲੈਂਡ ਦੌਰੇ ’ਤੇ ਨਹੀਂ ਜਾ ਰਿਹਾ। ਇਸ਼ਾਂਤ ਨੂੰ ਇਹ ਸੱਟ ਸੋਮਵਾਰ ਨੂੰ ਰਣਜੀ ਟਰਾਫ਼ੀ ਮੈਚ ਵਿੱਚ ਦਿੱਲੀ ਵੱਲੋਂ ਵਿਦਰਭ ਖ਼ਿਲਾਫ਼ ਖੇਡਦਿਆਂ ਦੂਜੀ ਪਾਰੀ ਦੇ ਪੰਜਵੇਂ ਓਵਰ ਵਿੱਚ ਲੱਗੀ ਸੀ। ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਦੋ ਟੈਸਟ ਮੈਚ (21 ਤੋਂ 25 ਫਰਵਰੀ ਤੱਕ ਅਤੇ ਫਿਰ 29 ਫਰਵਰੀ ਤੋਂ ਚਾਰ ਮਾਰਚ ਤੱਕ) ਖੇਡਣੇ ਹਨ।






